
ਛਤਰਪਤੀ ਸੰਭਾਜੀ ਨਗਰਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਜ਼ਿਲ੍ਹੇ ਦੇ ਤਿਸਗਾਓਂ ਸਥਿਤ ਖਾਵਦਿਆ ਡੋਂਗਰ ਵਿਖੇ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਆਈਫੋਨ ਖਰੀਦਣ ਦੀ ਜ਼ਿੱਦ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 18 ਸਾਲਾ ਕੁਨਾਲ ਚੰਦਵਾੜੇ, ਉਸ ਦੇ ਪਿਤਾ ਮੁਰਲੀਧਰ ਚੰਦਵਾੜੇ ਅਤੇ ਮਾਂ ਸੰਗੀਤਾ ਚੰਦਵਾੜੇ ਵਜੋਂ ਹੋਈ ਹੈ।ਵਲੂਜ ਪੁਲਿਸ ਇੰਸਪੈਕਟਰ ਰਾਮੇਸ਼ਵਰ ਗਾਡੇ ਅਨੁਸਾਰ, ਕੁਨਾਲ ਨਵਾਂ ਆਈਫੋਨ ਖਰੀਦਣਾ ਚਾਹੁੰਦਾ ਸੀ। ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਉਸ ਦੇ ਡਰਾਈਵਰ ਪਿਤਾ ਨੇ ਜਦੋਂ ਪੈਸਿਆਂ ਦੀ ਤੰਗੀ ਕਾਰਨ ਫੋਨ ਦਿਵਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਨਾਰਾਜ਼ ਹੋ ਕੇ ਕੁਨਾਲ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ। ਸਵੇਰੇ ਲਗਭਗ 10 ਵਜੇ ਉਹ ਖਾਵਦਿਆ ਡੋਂਗਰ ਦੀ ਇੱਕ ਉੱਚੀ ਪਹਾੜੀ ਦੇ ਬਿਲਕੁਲ ਕਿਨਾਰੇ ‘ਤੇ ਜਾ ਖੜ੍ਹਾ ਹੋਇਆ। ਇਸ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰ, ਸਥਾਨਕ ਪਿੰਡ ਵਾਸੀ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ।ਲਗਭਗ ਤਿੰਨ ਘੰਟੇ ਤੱਕ ਕੁਨਾਲ ਦੀ ਮਾਂ ਅਤੇ ਪਿੰਡ ਵਾਸੀ ਉਸ ਨੂੰ ਭਾਵਨਾਤਮਕ ਅਪੀਲਾਂ ਕਰਕੇ ਸੁਰੱਖਿਅਤ ਹੇਠਾਂ ਆਉਣ ਲਈ ਮਨਾਉਂਦੇ ਰਹੇ। ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਮੁਰਲੀਧਰ ਵੀ ਪਹਾੜੀ ਦੀ ਚੋਟੀ ‘ਤੇ ਪਹੁੰਚ ਗਏ। ਜਦੋਂ ਕੁਨਾਲ ਅਚਾਨਕ ਖੱਡ ਦੇ ਹੋਰ ਨੇੜੇ ਜਾਣ ਲੱਗਾ, ਤਾਂ ਪਿਤਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡੂੰਘੀ ਖੱਡ ਵਿੱਚ ਜਾ ਡਿੱਗੇ।ਆਪਣੀਆਂ ਅੱਖਾਂ ਸਾਹਮਣੇ ਪਤੀ ਅਤੇ ਪੁੱਤਰ ਨੂੰ ਖੱਡ ਵਿੱਚ ਡਿੱਗਦੇ ਦੇਖ ਕੇ ਮਾਂ ਸੰਗੀਤਾ ਗਹਿਰੇ ਸਦਮੇ ਵਿੱਚ ਆ ਗਈ ਅਤੇ ਉਸ ਨੇ ਵੀ ਤੁਰੰਤ ਉਸੇ ਖੱਡ ਵਿੱਚ ਛਾਲ ਮਾਰ ਦਿੱਤੀ। ਹਾਦਸੇ ਵਿੱਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




