
ਪੰਜਾਬ ਪੁਲਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ’ਚ ਸਹਿ-ਮੁਲਜ਼ਮ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਤੇ ਉਸ ਦੀ ਪਤਨੀ ਹਨੀ ਸ਼ਰਮਾ ਦੇ ਬੈਂਕ ਤੇ ਪੋਸਟ ਦਫ਼ਤਰ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੀ ਅਰਜ਼ੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਕ੍ਰਿਸ਼ਨੂ ਤੇ ਉਸ ਦੀ ਪਤਨੀ ਨੇ ਬੈਂਕ ਤੇ ਪੋਸਟ ਦਫ਼ਤਰ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੇ ਲਈ ਵੱਖ-ਵੱਖ ਅਰਜ਼ੀਆਂ ਦਾਇਰ ਕੀਤੀਆਂ ਸਨ। ਉੱਥੇ ਹੀ ਡੀ.ਆਈ.ਜੀ. ਭੁੱਲਰ ਦੀ ਅਰਜ਼ੀ ’ਤੇ ਪਹਿਲਾਂ ਹੀ ਸੁਣਵਾਈ ਚੱਲ ਰਹੀ ਹੈ, ਜਿਸ ਦਾ ਜਾਂਚ ਏਜੰਸੀ ਸੀ.ਬੀ.ਆਈ. ਵਿਰੋਧ ਕਰ ਚੁੱਕੀ ਹੈ।
ਮਾਮਲੇ ’ਚ ਪੰਜ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ, ਜਦਕਿ ਬਾਕੀ ਤਿੰਨ ਖਾਤਿਆਂ ’ਤੇ ਅਦਾਲਤ ਵਿਚ ਸੁਣਵਾਈ ਵਿਚਾਰਅਧੀਨ ਹੈ। ਇਸ ਦੌਰਾਨ ਕ੍ਰਿਸ਼ਨੂ ਨੇ ਪੂਰੇ ਘਟਨਾਕ੍ਰਮ ਨਾਲ ਸਬੰਧਤ ਸੀ.ਸੀ.ਟੀ.ਵੀ. ਫੁਟੇਜ, ਕਾਲ ਡਿਟੇਲ ਰਿਕਾਰਡ ਤੇ ਟਾਵਰ ਲੋਕੇਸ਼ਨ ਨੂੰ ਸੁਰੱਖਿਅਤ ਰੱਖਣ ਲਈ ਵੱਖਰੀ ਅਰਜ਼ੀ ਦਾਇਰ ਕੀਤੀ ਹੈ। ਬਚਾਅ ਧਿਰ ਨੇ ਸੀ.ਬੀ.ਆਈ. ਦੇ ਵੈਰੀਫਿਕੇਸ਼ਨ ਅਧਿਕਾਰੀ ਦਾ ਮੋਬਾਈਲ ਨੰਬਰ ਉਪਲਬਧ ਕਰਵਾਉਣ ਦੀ ਵੀ ਮੰਗ ਕੀਤੀ ਸੀ, ਜਿਸ ਦਾ ਸੀ.ਬੀ.ਆਈ. ਨੇ ਵਿਰੋਧ ਕੀਤਾ।
ਹਾਲਾਂਕਿ ਅਦਾਲਤ ਨੇ ਸੀ.ਬੀ.ਆਈ. ਦਾ ਵਿਰੋਧ ਰੱਦ ਕਰਦੇ ਹੋਏ ਵੈਰੀਫਿਕੇਸ਼ਨ ਅਧਿਕਾਰੀ ਦਾ ਨੰਬਰ ਬਚਾਅ ਧਿਰ ਦੇ ਵਕੀਲ ਨੂੰ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ। ਦੂਜੇ ਪਾਸੇ, ਸ਼ੁੱਕਰਵਾਰ ਨੂੰ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਦੀ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਪੇਸ਼ੀ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਵੱਖ ਦਰਜ ਮਾਮਲੇ ਵਿਚ ਹਾਲੇ ਚਲਾਨ ਪੇਸ਼ ਕੀਤਾ ਜਾਣਾ ਬਾਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




