ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਦੀ ਸਰਪੰਚੀ ਲਈ ਖੜ੍ਹੇ ਉਮੀਦਵਾਰ ਜਰਨੈਲ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰ ਕੇ ਦਲਜੀਤ ਸਿੰਘ ਨੂੰ ਬਿਨ੍ਹਾਂ ਮੁਕਾਬਲੇ ਜੇਤੂ ਸਰਪੰਚ ਕਰਾਰ ਦੇਣ ਦੇ ਫੈਸਲੇ ਖਿਲਾਫ ਉਸ ਵੱਲੋਂ ਪਾਈ ਗਈ ਪਟੀਸ਼ਨ ‘ਤੇ ਮਾਣਯੋਗ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਰਿਟਰਨਿੰਗ ਅਫ਼ਸਰ ਦੇ ਉਕਤ ਫੈਸਲੇ ‘ਤੇ 14 ਅਕਤੂਬਰ ਤੱਕ ਰੋਕ ਲਾ ਦਿੱਤੀ ਹੈ।
ਪਿੰਡ ਘਰਾਚੋਂ ਵਿਖੇ ਜਰਨੈਲ ਸਿੰਘ ਵੱਲੋਂ ਸਰਪੰਚੀ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਪਰ 5 ਅਕਤੂਬਰ ਨੂੰ ਬੀਡੀਪੀਓ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਦੀ ਰਿਪੋਰਟ ਅਨੁਸਾਰ ਜਰਨੈਲ ਸਿੰਘ ’ਤੇ ਪੰਚਾਇਤੀ ਜਗ੍ਹਾ ’ਤੇ ਕਬਜ਼ੇ ਕਰਨ ਦੇ ਦੋਸ਼ਾਂ ਤਹਿਤ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰ ਕੇ ਦਲਜੀਤ ਸਿੰਘ ਨੂੰ ਬਿਨ੍ਹਾਂ ਮੁਕਾਬਲੇ ਜੇਤੂ ਕਰਾਰ ਦੇ ਦਿੱਤਾ ਗਿਆ। ਦੱਸਣਯੋਗ ਹੈ ਕਿ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸਰਪੰਚ ਦਲਜੀਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਵੀਰ ਸਿੰਘ ਦੇ ਨੇੜਲੇ ਕਰੀਬੀਆਂ ’ਚੋਂ ਇੱਕ ਮੰਨੇ ਜਾਂਦੇ ਹਨ।
ਰਿਟਰਨਿੰਗ ਅਫ਼ਸਰ ਦੇ ਇਸ ਫੈਸਲੇ ਖਿਲਾਫ ਜਰਨੈਲ ਸਿੰਘ ਵੱਲੋਂ ਹਾਈ ਕੋਰਟ ’ਚ ਰਿੱਟ ਦਾਇਰ ਕੀਤੀ ਗਈ ਕਿ ਉਸ ਨੂੰ ਬੀਡੀਪੀਓ ਭਵਾਨੀਗੜ੍ਹ ਵੱਲੋਂ 28 ਸਤੰਬਰ ਨੂੰ ਉਸ ਨੂੰ ਐੱਨਓਸੀ ਦੇਣ ਦੇ ਬਾਵਜੂਦ ਉਸ ’ਤੇ ਪੰਚਾਇਤੀ ਜਗ੍ਹਾ ’ਤੇ ਕਬਜ਼ੇ ਦਾ ਗ਼ਲਤ ਦੋਸ਼ ਲਾ ਕੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ ਹਨ। ਇਸ ਸਬੰਧੀ ਬੀਡੀਪੀਓ ਬਲਜੀਤ ਸਿੰਘ ਸੋਹੀ ਨੇ 8 ਅਕਤੂਬਰ ਨੂੰ ਹਾਈਕੋਰਟ ’ਚ ਹਲਫਨਾਮਾ ਦਾਇਰ ਕੀਤਾ ਤੇ ਹਲਫਨਾਮੇ ਦੇ ਆਧਾਰ ’ਤੇ ਹੀ ਸਰਕਾਰੀ ਵਕੀਲ ਨੇ ਉੱਚ ਅਦਾਲਤ ’ਚ ਦੱਸਿਆ ਕਿ ਦਲਜੀਤ ਸਿੰਘ ਨੂੰ ਬਿਨ੍ਹਾਂ ਮੁਕਾਬਲੇ ਜੇਤੂ ਕਰਾਰ ਦਿੱਤਾ ਗਿਆ ਹੈ।
ਇਸ ਰਿੱਟ ਦੀ ਸੁਣਵਾਈ ਕਰਦਿਆਂ 10 ਅਕਤੂਬਰ ਨੂੰ ਹਾਈ ਕੋਰਟ ਦੇ ਡਬਲ ਬੈਂਚ ਨੇ 14 ਅਕਤੂਬਰ ਤੱਕ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਦਲਜੀਤ ਸਿੰਘ ਨੂੰ ਪਿੰਡ ਘਰਾਚੋਂ ਦੇ ਬਿਨ੍ਹਾਂ ਮੁਕਾਬਲੇ ਜੇਤੂ ਸਰਪੰਚ ਕਰਾਰ ਦੇਣ ਦੇ ਫੈਸਲੇ ’ਤੇ ਰੋਕ ਲਾ ਦਿੱਤੀ ਗਈ ਹੈ। 14 ਅਕਤੂਬਰ ਨੂੰ ਅਗਲੀ ਸੁਣਵਾਈ ਮੌਕੇ ਜਰਨੈਲ ਸਿੰਘ ਦੇ ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰਨ ਸਬੰਧੀ ਤੱਥਾਂ ਦੀ ਛਾਣਬੀਣ ਕਰਨ ਉਪਰੰਤ ਫੈਸਲਾ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.