IndiaTop News

CBSE ਦਾ ਵੱਡਾ ਫੈਸਲਾ: 9ਵੀਂ-10ਵੀਂ ਦੇ ਵਿਦਿਆਰਥੀਆਂ ਲਈ ਹੁਣ ਗਣਿਤ ਤੇ ਵਿਗਿਆਨ ਦੀਆਂ ਹੋਣਗੀਆਂ ਦੋ-ਪੱਧਰੀ ਪ੍ਰੀਖਿਆਵਾਂ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਸਿੱਖਿਆ ਪ੍ਰਣਾਲੀ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਕਰਦਿਆਂ 9ਵੀਂ ਅਤੇ 10ਵੀਂ ਜਮਾਤ ਲਈ ਨਵਾਂ ਅਕਾਦਮਿਕ ਢਾਂਚਾ ਐਲਾਨ ਦਿੱਤਾ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਵਿਦਿਆਰਥੀਆਂ ਨੂੰ ਗਣਿਤ ਅਤੇ ਵਿਗਿਆਨ ਵਰਗੇ ਮਹੱਤਵਪੂਰਨ ਵਿਸ਼ਿਆਂ ਵਿੱਚ ਆਪਣੀ ਰੁਚੀ ਮੁਤਾਬਕ ਡੂੰਘਾਈ ਨਾਲ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਇਹ ਨਵੀਂ ਪ੍ਰਣਾਲੀ ਅਕਾਦਮਿਕ ਸਾਲ 2026-27 ਤੋਂ ਲਾਗੂ ਕੀਤੀ ਜਾਵੇਗੀ।

ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ, 9ਵੀਂ ਜਮਾਤ ਤੋਂ ਹੀ ਗਣਿਤ ਅਤੇ ਵਿਗਿਆਨ ਲਈ ਦੋ-ਪੱਧਰੀ ਪ੍ਰਣਾਲੀ— ‘ਮਿਆਰੀ’  ਅਤੇ ‘ਉੱਨਤ’ ਸ਼ੁਰੂ ਹੋਵੇਗੀ। ਇਸ ਬਦਲਾਅ ਦੇ ਤਹਿਤ:

ਸਾਰੇ ਵਿਦਿਆਰਥੀਆਂ ਲਈ ਮਿਆਰੀ ਪੱਧਰ ਦੀ ਪੜ੍ਹਾਈ ਲਾਜ਼ਮੀ ਹੋਵੇਗੀ, ਜਿਸ ਦਾ ਪੇਪਰ 80 ਅੰਕਾਂ ਦਾ ਅਤੇ 3 ਘੰਟੇ ਦਾ ਹੋਵੇਗਾ।

ਜਿਹੜੇ ਵਿਦਿਆਰਥੀ ਵਿਸ਼ੇ ਦੀ ਵਧੇਰੇ ਜਾਣਕਾਰੀ ਚਾਹੁੰਦੇ ਹਨ, ਉਹ 25 ਅੰਕਾਂ ਦਾ ਵਾਧੂ ‘ਐਡਵਾਂਸਡ’ ਪੇਪਰ ਦੇ ਸਕਣਗੇ। ਇਸ ਲਈ 1 ਘੰਟੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

ਮਾਰਕਸ਼ੀਟ ‘ਤੇ ਪ੍ਰਭਾਵ: ਐਡਵਾਂਸਡ ਪੇਪਰ ਵਿੱਚ 50% ਜਾਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਮਾਰਕਸ਼ੀਟ ‘ਤੇ ਇਸ ਦੀ ਵਿਸ਼ੇਸ਼ ਪ੍ਰਾਪਤੀ ਦਰਜ ਹੋਵੇਗੀ, ਪਰ ਇਹ ਅੰਕ ਕੁੱਲ ਸਕੋਰ ਵਿੱਚ ਨਹੀਂ ਜੁੜਨਗੇ।

ਸੀਬੀਐਸਈ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ‘ਗਣਿਤ ਬੇਸਿਕ’ ਅਤੇ ‘ਸਟੈਂਡਰਡ’ ਪ੍ਰਣਾਲੀ ਨੂੰ 2026-27 ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਮੌਜੂਦਾ 10ਵੀਂ ਦੇ ਵਿਦਿਆਰਥੀਆਂ ‘ਤੇ ਇਸ ਦਾ ਅਸਰ ਨਹੀਂ ਪਵੇਗਾ ਅਤੇ ਉਹ ਪੁਰਾਣੀ ਸਕੀਮ ਤਹਿਤ ਹੀ ਪ੍ਰੀਖਿਆਵਾਂ ਦੇਣਗੇ। ਨਵੀਂ ਪ੍ਰਣਾਲੀ ਤਹਿਤ ਪਹਿਲੀ 10ਵੀਂ ਦੀ ਬੋਰਡ ਪ੍ਰੀਖਿਆ ਸਾਲ 2028 ਵਿੱਚ ਕਰਵਾਈ ਜਾਵੇਗੀ।

ਵਿਦਿਆਰਥੀਆਂ ਦੇ ਹਿੱਤ ਵਿੱਚ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਬੋਰਡ ਨੇ ਕਿਹਾ ਹੈ ਕਿ ਜੇਕਰ ਕੋਈ ਵਿਦਿਆਰਥੀ ਗਣਿਤ, ਵਿਗਿਆਨ ਜਾਂ ਸਮਾਜਿਕ ਵਿਗਿਆਨ ਵਿੱਚੋਂ ਕਿਸੇ ਇੱਕ ਵਿਸ਼ੇ ਵਿੱਚ ਫੇਲ੍ਹ ਹੋ ਜਾਂਦਾ ਹੈ, ਪਰ ਉਸ ਕੋਲ ਕੋਈ ਵਿਕਲਪਿਕ ਵਿਸ਼ਾ ਹੈ ਜਿਸ ਵਿੱਚ ਉਹ ਪਾਸ ਹੈ, ਤਾਂ ਉਸ ਵਿਕਲਪਿਕ ਵਿਸ਼ੇ ਦੇ ਅੰਕ ਫੇਲ੍ਹ ਹੋਏ ਵਿਸ਼ੇ ਦੀ ਥਾਂ ਵਰਤੇ ਜਾ ਸਕਦੇ ਹਨ।

ਇਹ ਨਵਾਂ ਢਾਂਚਾ ਸਿਰਫ਼ ਥਿਊਰੀ ਪੇਪਰਾਂ ‘ਤੇ ਲਾਗੂ ਹੋਵੇਗਾ, ਜਦੋਂ ਕਿ 20 ਅੰਕਾਂ ਦੇ ਅੰਦਰੂਨੀ ਮੁਲਾਂਕਣ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਵਿਦਿਅਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਵਿਦਿਆਰਥੀਆਂ ਵਿੱਚ ਰਟਣ ਦੀ ਬਜਾਏ ਵਿਸ਼ੇ ਦੀ ਸਮਝ ਵਧੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button