NewsBreaking NewsD5 specialPunjab

ਪੰਜਾਬ ‘ਚ ਬਰਦਾਸ਼ਤ ਨਹੀਂ ਹੋਵੇਗੀ ਕੋਰੋਨਾ ਵਾਇਰਸ ਨੂੰ ਧਾਰਮਿਕ ਰੰਗਤ – ਆਪ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਕਿਸੇ ਵੀ ਢੰਗ-ਤਰੀਕੇ ਨਾਲ ਧਾਰਮਿਕ ਰੰਗਤ ਦਿੱਤੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਬਿਮਾਰੀ-ਮਹਾਂਮਾਰੀ ਦਾ ਕੋਈ ਧਰਮ ਨਹੀਂ ਹੁੰਦਾ। ਕਰਫ਼ਿਊ ਦੌਰਾਨ ਵੀ ਜੇਕਰ ਪੰਜਾਬ ‘ਚ ਕੋਰੋਨਾ ਵਾਇਰਸ ਕਾਬੂ ਨਹੀਂ ਆ ਰਿਹਾ, ਇਸ ਲਈ ਸੰਬੰਧਿਤ ਸਰਕਾਰਾਂ ਸਿੱਧੇ ਰੂਪ ‘ਚ ਜ਼ਿੰਮੇਵਾਰ ਹਨ। ਪੰਜਾਬ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸੰਬੰਧਿਤ ਸਿਆਸੀ ਧਿਰਾਂ ਆਪਣੀਆਂ ਨਲਾਇਕੀਆਂ ਛੁਪਾਉਣ ਅਤੇ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਕੋਰੋਨਾ-ਵਾਇਰਸ ਦੇ ਪ੍ਰਕੋਪ ਨੂੰ ਫ਼ਿਰਕੂ ਰੰਗਤ ਦੇ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਨ।

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਟੇਟ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਤਬਲੀਗ਼ੀ ਜਮਾਤ ਤੋਂ ਬਾਅਦ ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸਿੱਖ ਸੰਗਤ ਬਾਰੇ ਜੋ ਗੈਰ-ਜ਼ਰੂਰੀ, ਗੈਰ-ਜ਼ਿੰਮੇ ਵਾਰਨਾ ਅਤੇ ਊਲ-ਜਲੂਲ ਟਿੱਪਣੀਆਂ ਹੋ ਰਹੀਆਂ ਹਨ, ਉਨ੍ਹਾਂ ‘ਤੇ ਸਖ਼ਤੀ ਨਾਲ ਰੋਕ ਲੱਗਣੀ ਚਾਹੀਦੀ ਹੈ। ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਲਈ ਕਿਸੇ ਧਰਮ ਜਾਂ ਧਾਰਮਿਕ ਸਥਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਜਾਇਜ਼ ਨਹੀਂ ਹੈ, ਇਸ ਤ੍ਰਾਸਦੀ ਲਈ ਉਹ ਸਰਕਾਰਾਂ ਜ਼ਿੰਮੇਵਾਰ ਹਨ, ਜਿੰਨਾ ਦੇ ਤੁਗ਼ਲਕੀ ਫ਼ਰਮਾਨਾਂ, ਖੋਖਲੇ ਸਿਹਤ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਨਲਾਇਕੀਆਂ ਕਾਰਨ ਕੋਰੋਨਾ ਮਹਾਂਮਾਰੀ ਦੀ ਚੁਣੌਤੀ ਹੋਰ ਜ਼ਿਆਦਾ ਜਟਿਲ ਅਤੇ ਕਠਿਨ ਬਣ ਗਈ।

‘ਆਪ’ ਆਗੂਆਂ ਨੇ ਕਿਹਾ ਕਿ ਬਿਨਾ ਸ਼ੱਕ ਲੌਕਡਾਊਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਬਿਹਤਰੀਨ ਤਰੀਕਾ ਹੈ, ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ‘ਨੋਟ ਬੰਦੀ ਸਟਾਈਲ’ ‘ਚ ਦੇਸ਼ ਭਰ ‘ਚ ਲੌਕਡਾਊਨ ਲਾਗੂ ਕਰਨ ਦਾ ਫ਼ਰਮਾਨ ਸੁਣਾਇਆ, ਉਸ ਦੇ ਖ਼ਤਰਨਾਕ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ। ਬਿਹਤਰ ਹੁੰਦਾ ਪ੍ਰਧਾਨ ਮੰਤਰੀ ਸਾਰੀਆਂ ਸੂਬਾ ਸਰਕਾਰਾਂ ਨੂੰ ਭਰੋਸੇ ‘ਚ ਲੈ ਕੇ ਅਤੇ ਦੇਸ਼ ਵਾਸੀਆਂ ਨੂੰ 24 ਤੋਂ 72 ਘੰਟਿਆਂ ਦਾ ਉਚਿੱਤ ਸਮਾਂ ਦਿੰਦੇ, ਤਾਂ ਕਿ ਧਾਰਮਿਕ ਸਥਾਨਾਂ, ਸਿੱਖਿਅਕ ਸੰਸਥਾਵਾਂ (ਹੋਸਟਲਾਂ), ਸੈਰ ਸਪਾਟੇ ਅਤੇ ਕੰਮਾਂ-ਕਾਰਾਂ (ਰੋਜ਼ੀ-ਰੋਟੀ) ਲਈ ਏਧਰ-ਉੱਧਰ ਗਏ ਹੋਏ ਮੁਸਾਫ਼ਰਾਂ ਨੂੰ ਵਾਪਸ ਘਰ ਮੁੜਨ ਦਾ ਸਮਾਂ ਮਿਲ ਜਾਂਦਾ ਅਤੇ ਸੂਬਾ ਸਰਕਾਰ ਲੋੜ ਅਨੁਸਾਰ ਅਗਾਊਂ ਪ੍ਰਬੰਧ ਕਰ ਲੈਂਦੀਆਂ। ਜੇਕਰ ਅਜਿਹਾ ਹੁੰਦਾ ਤਾਂ ਤਬਲੀਗ਼ੀ ਜਮਾਤ, ਸ੍ਰੀ ਹਜ਼ੂਰ ਸਾਹਿਬ ਮਜਨੂੰ ਕਾ ਟਿੱਲਾ, ਕੋਟਾ ਦੇ ਵਿਦਿਆਰਥੀ ਜਾਂ ਪ੍ਰਵਾਸੀ ਮਜ਼ਦੂਰ ਅਤੇ ਪੰਜਾਬੀ ਕੰਬਾਈਨ ਜਾਂ ਟਰੱਕ ਚਾਲਕ ਖ਼ਬਰਾਂ ਦੀਆਂ ਮਸਾਲੇਦਾਰ ਸੁਰਖ਼ੀਆਂ ਨਾ ਬਣਦੇ।

ਸਰਕਾਰਾਂ ਅਤੇ ਸਵਾਰਥੀ ਸਿਆਸੀ ਜਮਾਤਾਂ ਇੱਕ ਦੂਜੇ ਵਿਰੁੱਧ ਚਿੱਕੜ-ਉਛਾਲੇ ਜਾਂ ਗੈਰ-ਜ਼ਰੂਰੀ ਸਫ਼ਾਈਆਂ ਦੇਣ ਦੀ ਥਾਂ ਸਾਰਾ ਧਿਆਨ ਸਿਹਤ ਸੇਵਾਵਾਂ, ਸਰੀਰਕ ਦੂਰੀ ਅਤੇ ਲੌਕਡਾਊਨ ਸਮੇਤ ਲੋੜਵੰਦਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਉੱਤੇ ਦਿੰਦੀਆਂ। ਪ੍ਰਿਸੀਪਲ ਬੁੱਧ ਰਾਮ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਸ ਮਹਾਂਮਾਰੀ ਦਾ ਟਾਕਰਾ ਕਰਨ ਲਈ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈਆਂ ਹਨ। ਸਰਕਾਰਾਂ ਦੀ ਆਰਥਿਕ ਸਮਰੱਥਾ ਅਤੇ ਸਿਹਤ ਸਮੇਤ ਸਾਰੀਆਂ ਬੁਨਿਆਦੀ ਸੇਵਾਵਾਂ ਦਾ ਦੀਵਾਲੀਅਪਣ ਜੱਗ ਜ਼ਾਹਿਰ ਹੋ ਗਿਆ ਹੈ। ਕੋਰੋਨਾ ਵਾਇਰਸ ਦੇ ਨਾਂ ‘ਤੇ ਸਰਕਾਰੀ ਵਿਕਾਸ ਫ਼ੰਡ, ਸਰਕਾਰੀ ਕਲਿਆਣਕਾਰੀ ਸਹੂਲਤਾਂ, ਸਰਕਾਰੀ ਮੁਲਾਜ਼ਮਾਂ ਦੇ ਭੱਤੇ ਕੱਟੇ ਜਾ ਰਹੇ ਹਨ ਅਤੇ ਖਪਤਕਾਰ ਟੈਕਸਾਂ ਦੇ ਰੂਪ ‘ਚ ਹਰੇਕ ਨਾਗਰਿਕ ਦੀਆਂ ਜਿਉਂ ਦੀਆਂ ਤਿਉਂ ਜੇਬਾਂ ਕੱਟੀਆਂ ਜਾ ਰਹੀਆਂ ਹਨ।

ਫਿਰ ਵੀ ਲੋੜਵੰਦ ਰਾਸ਼ਨ ਨੂੰ ਅਤੇ ਕੋਰੋਨਾ ਯੋਧੇ (ਡਾਕਟਰ ਆਦਿ) ਜ਼ਰੂਰੀ ਸਾਜੋ-ਸਮਾਨ ਅਤੇ ਮਰੀਜ਼ ਸਾਫ਼-ਸੁਥਰੇ ਹਸਪਤਾਲਾਂ ਅਤੇ ਐਂਬੂਲੈਂਸ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਜੋ ਪੰਜਾਬ ਸਰਕਾਰ ਇੱਕ ਲੱਖ ਕੋਰੋਨਾ ਪੀੜਤਾਂ ਲਈ ਅਗਾਊਂ ਪ੍ਰਬੰਧਾਂ ਦੇ ਦਾਅਵੇ ਕਰਦੀ ਸੀ, ਉਸ ਕੋਲੋਂ ਸ੍ਰੀ ਹਜ਼ੂਰ ਸਾਹਿਬ ਤੋਂ ਕਰੀਬ ਤਿੰਨ ਹਜ਼ਾਰ ਸ਼ਰਧਾਲੂਆਂ ਦੇ ਆਉਂਦੇ ਸਾਰ ਦੇਖਭਾਲ, ਇਕਾਂਤਵਾਸ ਸਥਾਨ ਅਤੇ ਲੋੜੀਂਦੇ ਟੈੱਸਟ ਵੀ ਨਹੀਂ ਹੋ ਸਕੇ। ‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸਾਰੇ ਮੰਤਰੀਆਂ ਨੂੰ ਆਪਣੇ ਘਰਾਂ ‘ਚੋਂ ਨਿਕਲ ਕੇ ਜ਼ਿਲ੍ਹਾਵਾਰ ਮੋਰਚੇ ਸੰਭਾਲਣੇ ਚਾਹੀਦੇ ਹਨ ਅਤੇ ਇਸ ਸਮੇਂ ਸਾਰਾ ਧਿਆਨ ਹਸਪਤਾਲਾਂ, ਰੈਪਿਡ ਟੈੱਸਟਾਂ ਅਤੇ ਲੋੜਵੰਦਾਂ ਦੀਆਂ ਜ਼ਰੂਰਤਾਂ ਅਤੇ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਰ ਪ੍ਰਕਾਰ ਦੇ ਯੋਧਿਆਂ ਨੂੰ ਲੋੜੀਂਦਾ ਸਾਜੋ-ਸਮਾਨ ਅਤੇ ਹੌਸਲਾ ਦੇਣ। ਇਸ ਤੋਂ ਇਲਾਵਾ ਸਰਕਾਰਾਂ ਨੂੰ ਨਿਰਪੱਖ ਹੋ ਕੇ ਕੋਰੋਨਾ ਨੂੰ ਧਾਰਮਿਕ ਰੰਗਤ ਦੇਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button