ਅਮਰੀਕੀ ਐੱਫ-16 ਲੜਾਕੂ ਜਹਾਜ਼ ਨੂੰ ਮਿਜ਼ਾਈਲ ਨਾਲ ਬਣਾਇਆ ਨਿਸ਼ਾਨਾ-ਈਰਾਨ

ਈਰਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹਵਾਈ ਰੱਖਿਆ ਸਿਸਟਮ ਨੇ ਫ਼ਾਰਸ ਦੀ ਖਾੜੀ ਵਿਚ ਇਕ ਅਮਰੀਕੀ ਐੱਫ-16 ਲੜਾਕੂ ਜਹਾਜ਼ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐਨ.ਏ. ਦੀ ਰਿਪੋਰਟ ਅਨੁਸਾਰ ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਇਲਾਕੇ ’ਚ ਮੌਜੂਦ ਇਕ ਅਮਰੀਕੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਲਾਂਕਿ, ਅਮਰੀਕਾ ਨੇ ਈਰਾਨ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।
ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਕਿਸੇ ਵੀ ਐੱਫ-16 ਜਹਾਜ਼ ’ਤੇ ਹਮਲਾ ਨਹੀਂ ਹੋਇਆ ਤੇ ਮੱਧ ਪੂਰਬ ਵਿਚ ਸਾਰੇ ਅਮਰੀਕੀ ਲੜਾਕੂ ਜਹਾਜ਼ ਸੁਰੱਖਿਅਤ ਹਨ। ਇਸ ਦੌਰਾਨ ਈਰਾਨ ਨੇ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਜ਼ਮੀਨ ਹੇਠਾਂ ਬਣੇ ਇਕ ਗੁਪਤ ਫ਼ੌਜੀ ਟਿਕਾਣੇ ’ਤੇ ਨਵੀਂ ਮਿਜ਼ਾਈਲ ਲਾਂਚਰ ਪ੍ਰਣਾਲੀ ਦਾ ਵੀਡੀਓ ਵੀ ਜਾਰੀ ਕੀਤਾ।
ਈਰਾਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਮਰੀਕਾ ਨਾਲ ਜੰਗ ਮੁੜ ਤੇਜ਼ ਹੁੰਦੀ ਹੈ ਤਾਂ ਉਹ ਲਗਾਤਾਰ ਹਮਲੇ ਕਰਨ ਦੀ ਪੂਰੀ ਸਮਰੱਥਾ ਰੱਖਦਾ ਹੈ। ਹਾਲਾਂਕਿ, ਈਰਾਨ ਨੇ ਇਸ ਮਿਜ਼ਾਈਲ ਟਿਕਾਣੇ ਦੀ ਜਗ੍ਹਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਇਸ ਘਟਨਾਕ੍ਰਮ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਮੁੜ ਤਣਾਅ ਵਧਣ ਤੇ ਜੰਗ ਤੇਜ਼ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਨਿਚਰਵਾਰ ਨੂੰ ਰਣਨੀਤਕ ਪੱਖੋਂ ਅਹਿਮ ਹੋਰਮੁਜ਼ ਜਲ ਮਾਰਗ ਅਤੇ ਇਸ ਦੇ ਆਲੇ-ਦੁਆਲੇ ਘੱਟੋ-ਘੱਟ ਤਿੰਨ ਤੇਲ ਟੈਂਕਰਾਂ ’ਤੇ ਹਮਲੇ ਕੀਤੇ ਗਏ। ਇਨ੍ਹਾਂ ਘਟਨਾਵਾਂ ਨੇ ਮੱਧ ਪੂਰਬ ’ਚ ਸੁਰੱਖਿਆ ਸਥਿਤੀ ਨੂੰ ਹੋਰ ਚਿੰਤਾਜਨਕ ਬਣਾ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




