InternationalTop News

ਪੰਨੂ ਕਤਲ ਸਾਜ਼ਿਸ਼: ਅਮਰੀਕੀ ਸਰਕਾਰ ਨੇ ਨਿਖਿਲ ਗੁਪਤਾ ਨੂੰ 24 ਸਾਲ ਕੈਦ ਦੀ ਸਜ਼ਾ ਦੇਣ ਦੀ ਕੀਤੀ ਮੰਗ, 20 ਨਵੰਬਰ ਨੂੰ ਆਵੇਗਾ ਫੈਸਲਾ

ਅਮਰੀਕੀ ਧਰਤੀ ‘ਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅਮਰੀਕੀ ਸਰਕਾਰ ਨੇ ਇਸ ਹਾਈ-ਪ੍ਰੋਫਾਈਲ ਮਾਮਲੇ ’ਚ 55 ਸਾਲਾ ਨਿਖਿਲ ਗੁਪਤਾ ਲਈ 24 ਸਾਲ ਦੀ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।
ਮੈਨਹਟਨ ਸਥਿਤ ਸੰਘੀ ਅਦਾਲਤ ’ਚ ਦਾਇਰ 20 ਪੰਨਿਆਂ ਦੀ ਆਪਣੀ ਦਲੀਲ ਵਿੱਚ ਅਮਰੀਕੀ ਅਟਾਰਨੀ ਜੇਮਜ਼ ਮੈਕਡੋਨਲਡ ਨੇ ਨਿਖਿਲ ਗੁਪਤਾ ਦੀਆਂ ਹਰਕਤਾਂ ਨੂੰ ਬੇਹੱਦ ਕਰੂਰ ਕਰਾਰ ਦਿੱਤਾ ਹੈ। ਇਸਤਗਾਸਾ ਪੱਖ (ਪ੍ਰੋਸੀਕਿਊਸ਼ਨ) ਦਾ ਕਹਿਣਾ ਹੈ ਕਿ ਗੁਪਤਾ ਅਮਰੀਕੀ ਜ਼ਮੀਨ ‘ਤੇ ਇੱਕ ਅਮਰੀਕੀ ਨਾਗਰਿਕ ਨੂੰ ਖ਼ਤਮ ਕਰਨ ਦੀ ਵਿਦੇਸ਼ੀ ਸਾਜ਼ਿਸ਼ ਦਾ ਇੱਕ ਅਹਿਮ ਮੋਹਰਾ ਸੀ।
ਸਰਕਾਰ ਦਾ ਤਰਕ ਹੈ ਕਿ ਅਦਾਲਤ ਨੂੰ ਇੱਕ ਅਜਿਹਾ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ ਜਿਸ ਨਾਲ ਇਹ ਸਪੱਸ਼ਟ ਹੋ ਸਕੇ ਕਿ ਅਮਰੀਕੀ ਧਰਤੀ ‘ਤੇ ਆਵਾਜ਼ਾਂ ਨੂੰ ਹਿੰਸਾ ਦੇ ਜ਼ੋਰ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸਤਗਾਸਾ ਪੱਖ ਅਨੁਸਾਰ, ਗੁਪਤਾ ਅਤੇ ਉਸ ਦੇ ਸਹਿਯੋਗੀਆਂ – ਜਿਸ ਵਿੱਚ ਭਾਰਤ ਸਰਕਾਰ ਦਾ ਇੱਕ ਮੁਲਾਜ਼ਮ ਵਿਕਾਸ ਯਾਦਵ ਵੀ ਸ਼ਾਮਲ ਹੈ – ਨੇ ਸਿਰਫ਼ ਵਿਚਾਰਧਾਰਕ ਮਤਭੇਦਾਂ ਕਾਰਨ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ।
ਦੂਜੇ ਪਾਸੇ, ਨਿਖਿਲ ਗੁਪਤਾ ਦੇ ਵਕੀਲਾਂ ਨੇ ਅਦਾਲਤ ਤੋਂ ਨਰਮੀ ਵਰਤਣ ਦੀ ਗੁਹਾਰ ਲਗਾਈ ਹੈ। ਬਚਾਅ ਪੱਖ ਨੇ ਸਜ਼ਾ ’ਚ ਮਹੱਤਵਪੂਰਨ ਰਾਹਤ ਦਿੰਦੇ ਹੋਏ 12 ਸਾਲ ਦੀ ਕੈਦ ਅਤੇ ਉਸ ਤੋਂ ਬਾਅਦ ਤਿੰਨ ਸਾਲ ਦੀ ਨਿਗਰਾਨੀ ਦੀ ਬੇਨਤੀ ਕੀਤੀ ਹੈ।
ਦੋਸ਼ ਪੱਤਰ ਅਨੁਸਾਰ, ਸਾਲ 2023 ਦੌਰਾਨ ਨਿਖਿਲ ਗੁਪਤਾ ਨੇ ਭਾਰਤ ਅਤੇ ਹੋਰ ਥਾਵਾਂ ‘ਤੇ ਮੌਜੂਦ ਲੋਕਾਂ ਨਾਲ ਮਿਲ ਕੇ ਨਿਊਯਾਰਕ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਸ਼ ਹੈ ਕਿ ਗੁਪਤਾ ਨੇ ਵਿਕਾਸ ਯਾਦਵ ਦੇ ਨਿਰਦੇਸ਼ਾਂ ‘ਤੇ ਇੱਕ ਗੁਪਤ ਅਮਰੀਕੀ ਸੂਤਰ (ਜੋ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਮੁਖ਼ਬਰ ਸੀ) ਨਾਲ ਸੰਪਰਕ ਕੀਤਾ ਅਤੇ ਕਤਲ ਲਈ ਇੱਕ ਲੱਖ ਡਾਲਰ ਵਿੱਚ ਸੌਦਾ ਤੈਅ ਕੀਤਾ ਸੀ।
ਇਸ ਸਾਜ਼ਿਸ਼ ਤਹਿਤ ਜੂਨ 2023 ਵਿੱਚ ਐਡਵਾਂਸ ਵਜੋਂ 15 ਹਜ਼ਾਰ ਡਾਲਰ ਨਕਦ ਵੀ ਸੌਂਪੇ ਗਏ ਸਨ। ਇਸ ਸਾਲ ਦੇ ਸ਼ੁਰੂ ਵਿੱਚ ਗੁਪਤਾ ਨੇ ਕਤਲ ਦੀ ਸਾਜ਼ਿਸ਼ ਰਚਣ, ਉਸ ਵਿੱਚ ਸ਼ਾਮਲ ਹੋਣ ਅਤੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ 20 ਨਵੰਬਰ ਨੂੰ ਆਉਣ ਵਾਲੇ ਅਦਾਲਤ ਦੇ ਫੈਸਲੇ ‘ਤੇ ਟਿਕੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button