ਕੈਨੇਡਾ ਦੀ ਸਰਹੱਦ ਨੇੜੇ ਟਰੱਕ ’ਚੋਂ 93 ਕਿੱਲੋ ਕੋਕੀਨ ਬਰਾਮਦ, ਪੰਜਾਬੀ ਡਰਾਈਵਰ ਗ੍ਰਿਫ਼ਤਾਰ

ਟੈਕਸਸ ਤੋਂ ਓਂਟਾਰੀਓ ਜਾ ਰਹੇ ਇਕ ਟਰੱਕ ਵਿਚੋਂ ਮਿਸ਼ੀਗਨ ਦੀ ਪੁਲਿਸ ਨੇ 93 ਕਿੱਲੋ ਕੋਕੀਨ ਬਰਾਮਦ ਕੀਤੀ ਹੈ। ਮਾਮਲੇ ’ਚ ਚਾਲਕ ਕਵਲਪ੍ਰੀਤ ਸਿੰਘ ਖ਼ਿਲਾਫ਼ ਸੰਘੀ ਨਸ਼ਾ ਤਸਕਰੀ ਦਾ ਦੋਸ਼ ਲਾਇਆ ਗਿਆ ਹੈ। ਜਾਂਚਕਾਰਾਂ ਅਨੁਸਾਰ ਕੈਨੇਡਾ ਪਹੁੰਚਾਈ ਜਾਣ ਵਾਲੀ ਇਸ ਖੇਪ ਦੀ ਅੰਦਾਜ਼ਨ ਕੀਮਤ ਘੱਟੋ-ਘੱਟ 18 ਲੱਖ 60 ਹਜ਼ਾਰ ਡਾਲਰ ਹੈ।
ਪੁਲਿਸ ਨੇ ਟਰੱਕ ਨੂੰ ਕੈਨੇਡਾ ਜਾਣ ਵਾਲੇ ਬਲੂ ਵਾਟਰ ਪੁਲ ਤੋਂ ਕਰੀਬ ਸਾਢੇ ਅੱਠ ਮੀਲ ਪਹਿਲਾਂ ਸੇਂਟ ਕਲੇਅਰ ਕਾਊਂਟੀ ਦੇ ਕਿੰਬਲ ਟਾਊਨਸ਼ਿਪ ਵਿਚ ਰੋਕਿਆ ਸੀ। ਅਦਾਲਤੀ ਦਸਤਾਵੇਜ਼ਾਂ ਦਾ ਹਵਾਲਾ ਦੇਣ ਵਾਲੀਆਂ ਰਿਪੋਰਟਾਂ ਮੁਤਾਬਕ ਟਰੱਕ ਆਵਾਜਾਈ ਨਿਯਮਾਂ ਦੀ ਉਲੰਘਣਾ ਕਾਰਨ ਰੋਕਿਆ ਗਿਆ। ਟਰੱਕ ਤੇ ਟਰੇਲਰ ਉੱਤੇ ਓਂਟਾਰੀਓ ਦੀਆਂ ਨੰਬਰ ਪਲੇਟਾਂ ਸਨ ਤੇ ਕਵਲਪ੍ਰੀਤ ਇਕੱਲਾ ਸਵਾਰ ਸੀ। ਮਾਲ ਦੇ ਕਾਗਜ਼ਾਂ ਵਿਚ ਲਰੇਡੋ ਤੋਂ ਬੈਲਵਿਲ ਲਈ ਡੱਬੇ ਲਿਜਾਣ ਦਾ ਜ਼ਿਕਰ ਸੀ।
ਜਾਂਚ ਦੌਰਾਨ ਨਸ਼ਾ ਸੁੰਘਣ ਵਾਲੇ ਕੁੱਤੇ ਨੇ ਟਰੇਲਰ ਦੇ ਪਿਛਲੇ ਹਿੱਸੇ ਕੋਲ ਸੰਕੇਤ ਦਿੱਤਾ। ਅਧਿਕਾਰੀਆਂ ਨੂੰ ਦਰਵਾਜ਼ੇ ਉੱਤੇ ਲੱਗੀ ਪੀਲੀ ਸੀਲ ਦਾ ਨੰਬਰ ਵੀ ਕਾਗਜ਼ਾਂ ਨਾਲ ਮੇਲ ਖਾਂਦਾ ਨਹੀਂ ਮਿਲਿਆ। ਟਰੇਲਰ ਖੋਲ੍ਹਣ ’ਤੇ ਅਸਲ ਮਾਲ ਤੋਂ ਵੱਖਰੇ ਰੱਖੇ ਚਾਰ ਬੈਗ ਮਿਲੇ। ਇਨ੍ਹਾਂ ਵਿਚ ਚਿੱਟੇ ਪਾਊਡਰ ਦੇ ਲਪੇਟੇ ਹੋਏ ਪੈਕੇਟ ਸਨ, ਜਿਨ੍ਹਾਂ ਦੀ ਮੁੱਢਲੀ ਜਾਂਚ ਕੋਕੀਨ ਲਈ ਸਕਾਰਾਤਮਕ ਆਈ। ਦੋਸ਼ ਸਾਬਤ ਹੋਣ ’ਤੇ ਇਸ ਤਹਿਤ ਘੱਟੋ-ਘੱਟ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




