
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਬਣੀ ਐਕਸ਼ਨ ਕਮੇਟੀ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਮਿਲੇ ਬੇਮਿਸਾਲ ਹੁੰਗਾਰੇ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਨੇ ਥਾਣਾ ਸਿਟੀ ਮਾਨਸਾ ਦੀ ਮਹਿਲਾ ਐੱਸ ਐੱਚ ਓ ਇੰਸਪੈਕਟਰ ਬੇਅੰਤ ਕੌਰ ਨੂੰ ਮੁਅੱਤਲ ਕਰਨਾ ਪਿਆ ਹੈ। ਇਹੋ ਹੀ ਨਹੀਂ ਭੜਕੇ ਲੋਕਾਂ ਨੂੰ ਠੰਢਾ ਕਰਨ ਲਈ ਬੇਅੰਤ ਕੌਰ ਨੂੰ ਲਾਈਨ ਹਾਜ਼ਰ ਅਤੇ ਜ਼ਿਲ੍ਹੇ ਤੋਂ ਬਾਹਰ ਵੀ ਬਦਲਿਆ ਗਿਆ ਹੈ। ਐੱਸਐੱਸਪੀ ਮਾਨਸਾ ਵੈਭਵ ਚੌਧਰੀ ਨੇ ਥਾਣਾ ਸਿਟੀ 2 ਦੀ ਮਹਿਲਾ ਐੱਸਐੱਚਓ ਖਿਲਾਫ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸ਼ਨ ਆਪਣੇ ਮੁਲਾਜਮਾਂ ਦੀ ਮੁਅੱਤਲੀ ਦੇ ਤੱਥ ਜਾਹਰ ਕਰਨ ਤੋਂ ਅਕਸਰ ਬਚਦਾ ਰਹਿੰਦਾ ਹੈ। ਇਸ ਦੇ ਉਲਟ ਮਾਨਸਾ ’ਚ ਸਰਕਾਰ ਲਈ ਬਣੀਆਂ ਮਜਬੂਰੀਆਂ ਕਾਰਨ ਐਸਐਸਪੀ ਵੱਲੋਂ ਇਸ ਸਬੰਧੀ ਜਾਰੀ ਹੁਕਮ ਜਿਲ੍ਹਾ ਲੋਕ ਸੰਪਰਕ ਵਿਭਾਗ ਰਾਹੀਂ ਮੀਡੀਆ ਨੂੰ ਜਾਰੀ ਕੀਤੇ ਗਏ ਹਨ।ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਝੋਟਾ ਦੀਆਂ ਕਈ ਸ਼ਿਕਾਇਤਾਂ ਅਤੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇਣ ’ਤੇ ਬੇਅੰਤ ਕੌਰ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਸੀ। ਝੋਟਾ ਕਤਲ ਮਾਮਲੇ ਵਿੱਚ ਡੀਆਈਜੀ ਹਰਜੀਤ ਸਿੰਘ ਨੇ ਵੀ ਇਸ ਸਬੰਧੀ ਕਸੂਰਵਾਰ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਣ ’ਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ। ਓਧਰ ਇਸ ਮਾਮਲੇ ਵਿੱਚ ਇਨਸਾਫ਼ ਲੈਣ ਲਈ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ ਲਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ। ਐਕਸ਼ਨ ਕਮੇਟੀ ਨੇ ਲੋਕਾਂ ਨੂੰ ਬੰਦ ਦੌਰਾਨ ਅਮਨ-ਸ਼ਾਂਤੀ ਬਣਾਏ ਰੱਖਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਕਮੇਟੀ ਨੇ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਹੈ ਕਿ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇ। ਕਮੇਟੀ ਪੀ੍ਰਵਾਰ ਦੀ ਸਹਿਮਤੀ ਨਾਲ ਮੰਗਾਂ ਪੂਰੀਆਂ ਨਾਂ ਹੋਣ ਤੱਕ ਧਰਨਾ ਜਾਰੀ ਰੱਖਣ ’ਤੇ ਅੜੀ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




