
ਚੰਡੀਗੜ੍ਹ, 16 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸਿਆਸਤਦਾਨਾਂ ਤੇ ਪੁਲਿਸ ਦਰਮਿਆਨ ਗੰਢ ਤੁੱਪ ਦੇ ਖਿਲਾਫ ਕਾਰਵਾਈ ਕਰ ਕੇ ਨਸ਼ਾ ਮਾਫੀਆ ਦੇ ਖਤਮ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਨੂੰ ਨਸ਼ਾ ਤਸਕਰੀ ਨੂੰ ਨਕੇਲ ਪਾਉਣ ਵਿਚ ਅਸਫਲਤਾ ਲਈ ਅਸਤੀਫਾ ਦੇਣਾ ਚਾਹੀਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਠਿੰਡਾ ਦੇ ਅਮ ਪੀ ਨੇ ਕਿਹਾ ਕਿ ਮਾਨਸਾ ਵਿਚ ਮੈਡੀਕਲ ਸਟੋਰ ਰਾਹੀਂ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਪੰਜਾਬੀ ਬਹੁਤ ਭਾਰੀ ਮਨ ਨਾਲ ਵਿਰੋਧ ਕਰ ਰਹੇ ਹਨ ਪਰ ਆਪ ਸਰਕਾਰ ’ਤੇ ਕੋਈ ਅਸਰ ਨਹੀਂ ਹੈ। ਉਹਨਾਂ ਕਿਹਾ ਕਿ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ’ਤੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਨ ਜਾਂ ਫਿਰ ਡੀ ਐਸ ਪੀ ਤੇ ਐਸ ਐਸ ਪੀ ਜਿਹਨਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਦੀ ਪੁਸ਼ਤ ਪਨਾਹੀ ਦੇ ਦੋਸ਼ ਲੱਗੇ ਹਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਝੋਟਾ ਦੇ ਕਤਲ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਸਮੇਤ ਹਰ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਹਾਲੇ ਤੱਕ ਇਹ ਨਹੀਂ ਦੱਸ ਸਕੀ ਕਿ ਮਾਨਸਾ ਦੇ ਐਸ ਐਸ ਪੀ ਨੇ 2024 ਵਿਚ ਕਾਤਲ ਅਸ਼ਵਨੀ ਕੁਮਾਰ ਨੂੰ ਪਿਸਤੌਲ ਦਾ ਲਾਇਸੰਸ ਕਿਵੇਂ ਦਿੱਤਾ ਜਦੋਂ ਕਿ ਉਸਦੇ ਮੈਡੀਕਲ ਸਟੋਰ ’ਤੇ 10 ਵਾਰ ਛਾਪੇ ਵੱਜੇ ਤੇ ਉਸਨੂੰ 2023 ਵਿਚ ਗੈਰ ਕਾਨੂੰਨੀ ਨਸ਼ੇ ਵੇਚਣ ਲਈ ਜੇਲ੍ਹ ਵੀ ਭੇਜਿਆ ਗਿਆ।
ਉਹਨਾਂ ਇਹ ਵੀ ਮੰਗ ਕੀਤੀ ਕਿ ਮਾਨਸਾ ਦੇ ਡਰੱਗ ਇੰਸਪੈਕਟਰ ਅਤੇ ਹੋਰ ਅਧਿਕਾਰੀ ਜੋ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਅਸ਼ਵਨੀ ਕੁਮਾਰ ਦੇ ਖਿਲਾਫ ਕਾਰਵਾਈ ਵਿਚ ਨਾਕਾਮ ਰਹੇ, ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾਕਿ ਅਜਿਹਾ ਜਾਪਦਾ ਹੈ ਕਿ ਮੈਡੀਕਲ ਸਟੋਰ ਤੋਂ ਡਰੱਗ ਇੰਸਪੈਕਟਰ, ਪੁਲਿਸ ਤੇ ਸਥਾਨਕ ਵਿਧਾਇਕ ਦੀ ਨੱਕ ਹੇਠ ਨਸ਼ਾ ਵਿਕ ਰਿਹਾ ਸੀ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਜ਼ਰੂਰਤ ਹੋਣੀ ਚਾਹੀਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿਚ ਐਸ ਐਚ ਓ ਨੂੰ ਸਸਪੈਂਡ ਕਰਨਾ ਸਿਰਫ ਅੱਖਾਂ ਪੂੰਛਣ ਵਾਲੀ ਕਾਰਵਾਈ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜਿਸਨੇ ਝੋਟਾ ਦੇ ਪਿਤਾ ਭੀਮ ਸਿੰਘ ਦੀ ਅਪੀਲ ’ਤੇ ਪੰਜਾਬ ਬੰਦ ਦੀ ਹਮਾਇਤ ਕੀਤੀ, ਨੇ ਕਿਹਾ ਕਿ ਉਹ ਦੁਖੀ ਪਿਤਾ ਦੀਆਂ ਸਾਰੀਆਂ ਮੰਗਾ ਚੁੱਕੇਗਾ ਤੇ ਪੰਜਾਬੀਆਂ ਨਾਲ ਡੱਟ ਕੇ ਖੜ੍ਹਾ ਹੋਵੇਗਾ ਜੋ ਹਮੇਸ਼ਾ ਰੋਜ਼ਾਨਾ ਆਧਾਰ ’ਤੇ ਨਸ਼ਿਆਂ ਦੀ ਬੁਰਾਈ ਖਿਲਾਫ ਲੜਾਈ ਵਿਚ ਡੱਟ ਕੇ ਖੜ੍ਹਾ ਹੈ। ਉਹਨਾਕਿਹਾ ਕਿ ਅਕਾਲੀ ਦਲ ਨੇ ਮਾਈ ਭਾਗੋ ਦੀ ਫੌਜ ਖੜ੍ਹੀ ਕੀਤੀ ਹੈ ਜੋ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੇ ਖਿਲਾਫ ਡੱਟ ਕੇ ਖੜ੍ਹੀ ਹੈ। ਉਹਨਾਂ ਕਿਹਾ ਕਿ ਅਸੀਂ ਆਉਂਦੇ ਦਿਨਾਂ ਵਿਚ ਇਸ ਮੁਹਿੰਮ ਦਾ ਵਿਸਥਾਰ ਕਰਾਂਗੇ ਅਤੇ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਘਰਾਂ ਤੱਕ ਇਹ ਲੜਾਈ ਲੈ ਕੇ ਜਾਵਾਂਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




