
ਕੌਮੀ ਰਾਜਧਾਨੀ ’ਚ ਕੌਕਰੋਚ ਜਨਤਾ ਪਾਰਟੀ ਦੇ ਸੱਦੇ ’ਤੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣ ਪੁੱਜੇ ਲੋਕਾਂ ਦੀ ਗੁਰਦੁਆਰਾ ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਡਟਵੀਂ ਹਮਾਇਤ ਕਰਦਿਆਂ ਪੁਲੀਸ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਗੁਰਦੁਆਰੇ ’ਚ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਲੰਘੀ ਰਾਤ ਤੋਂ ਪਨਾਹ ਲਈ ਹੋਈ ਸੀ।
ਦਿੱਲੀ ਪੁਲੀਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨਾਲ ਸੰਪਰਕ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਅੰਦਰ ਦਾਖ਼ਲ ਨਾ ਹੋਣ ਦੇਣ। ਗੁਰਦੁਆਰੇ ਦੇ ਨੁਮਾਇੰਦਿਆਂ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀ ਨਿਹੱਥੇ ਹਨ ਅਤੇ ਅੰਦਰ ਨਾਅਰੇਬਾਜ਼ੀ ਨਹੀਂ ਕਰ ਰਹੇ। ਗੁਰਦੁਆਰੇ ਦੇ ਨੁਮਾਇੰਦੇ ਨੇ ਕਿਹਾ, ‘‘ਅਸੀਂ ਪੁਲੀਸ ਨੂੰ ਅੰਦਰ ਦਾਖ਼ਲ ਨਹੀਂ ਹੋਣ ਦੇਵਾਂਗੇ। ਪ੍ਰਦਰਸ਼ਨਕਾਰੀ ਨਿਹੱਥੇ ਹਨ ਅਤੇ ਕੰਪਲੈਕਸ ਅੰਦਰ ਨਾਅਰੇਬਾਜ਼ੀ ਨਹੀਂ ਕਰ ਰਹੇ। ਇਸ ਲਈ ਅਸੀਂ ਉਨ੍ਹਾਂ ਖ਼ਿਲਾਫ਼ ਨਹੀਂ ਹਾਂ।’’ ਨੌਜਵਾਨਾਂ ਦੀਆਂ ਕਈ ਜਥੇਬੰਦੀਆਂ ਅਤੇ ਵਿਦਿਆਰਥੀ ਸਮੂਹਾਂ ਨੇ ਬਾਬਾ ਖੜਕ ਸਿੰਘ ਮਾਰਗ ਤੋਂ ਅਸ਼ੋਕ ਰੋਡ ਵੱਲ ਮਾਰਚ ਕੀਤਾ ਤਾਂ ਪੁਲੀਸ ਉਨ੍ਹਾਂ ਨੂੰ ਹਿਰਾਸਤ ’ਚ ਲੈਣ ਲਈ ਅੱਗੇ ਵਧੀ। ਜਦੋਂ ਪੁਲੀਸ ਨੇੜੇ ਆਈ ਤਾਂ ਕੁਝ ਪ੍ਰਦਰਸ਼ਨਕਾਰੀ ਗੁਰਦੁਅਰੇ ਅੰਦਰ ਦਾਖ਼ਲ ਹੋ ਗਏ ਅਤੇ ਪ੍ਰਦਰਸ਼ਨ ’ਚ ਮੁੜ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਤੱਕ ਉੱਥੇ ਲੁਕੇ ਰਹੇ। ਧਾਰਮਿਕ ਥਾਂ ਨੇੜੇ ਡਾਂਗਾਂ ਲਈ ਖੜ੍ਹੇ ਪੁਲੀਸ ਮੁਲਾਜ਼ਮਾਂ ਅਤੇ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਕੁਝ ਸ਼ਰਧਾਲੂਆਂ ਨੇ ਆਲੋਚਨਾ ਕੀਤੀ ਅਤੇ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ਧਾਰਮਿਕ ਸਥਾਨ ਦੁਆਲੇ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕਰਨ ਦੇ ਫ਼ੈਸਲੇ ’ਤੇ ਵੀ ਸਵਾਲ ਚੁੱਕੇ।
ਇਸ ਗੁਰਦੁਆਰੇ ਨੇ ਪਹਿਲਾਂ ਜੁਲਾਈ ਵਿੱਚ ਵੀ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਪਨਾਹ ਦਿੱਤੀ ਸੀ, ਜਦੋਂ ਉਹ ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।ਇਸ ਤੋਂ ਪਹਿਲਾਂ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣ ਲਈ ਦਿੱਲੀ ਪੁੱਜੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਲੁਕਣ-ਮੀਟੀ ਦੀ ਖੇਡ ਚੱਲਦੀ ਰਹੀ ਅਤੇ ਕਈ ਪ੍ਰਦਰਸ਼ਨਕਾਰੀਆਂ ਨੇ ਜਨਤਕ ਪਖਾਨਿਆਂ ਅੰਦਰ ਲੁਕ ਕੇ ਰਾਤ ਕੱਟੀ ਤਾਂ ਜੋ ਉਹ ਅੱਜ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋ ਸਕਣ।
ਇਸ ਦੇੇ ਦੂਜੇ ਪਾਸੇ, ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕੁਝ ਵਿਅਕਤੀਆਂ ਵੱਲੋਂ ਪੁਲੀਸ ਕਾਰਵਾਈ ਦੌਰਾਨ ਕੇਂਦਰੀ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸ਼ਰਨ ਲੈਣ ਅਤੇ ਉੱਥੇ ਕਥਿਤ ਤੌਰ ’ਤੇ ਨਾਅਰੇਬਾਜ਼ੀ ਕਰਨ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਗੁਰਦੁਆਰੇ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲਾਏ ਹਨ।
ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਹਾਲ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੇਵਾਦਾਰਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਮੁਤਾਬਕ ਪ੍ਰਦਰਸ਼ਨਕਾਰੀ ਤਖ਼ਤੀਆਂ ਲੈ ਕੇ ਗੁਰਦੁਆਰੇ ਦੇ ਅੰਦਰ ਆਏ ਅਤੇ ਉੱਥੇ ਨਾਅਰੇਬਾਜ਼ੀ ਕੀਤੀ।
ਕਾਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਗੁਰਦੁਆਰੇ ਨੂੰ ਜਿੱਥੇ ਹਰ ਵਰਗ ਦੇ ਲੋਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਸਾਰਿਆਂ ਨੂੰ ਲੰਗਰ ਛਕਾਇਆ ਜਾਂਦਾ ਹੈ, ਰੋਸ ਪ੍ਰਦਰਸ਼ਨ ਲਈ ਵਰਤਿਆ ਜਾ ਰਿਹਾ ਹੈ।
ਘਟਨਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਵੀਡੀਓਜ਼ ਦਿਖਾਉਂਦਿਆਂ ਉਨ੍ਹਾਂ ਨੇ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਏ ਪੁਲੀਸ ਮੁਲਾਜ਼ਮਾਂ ਦੀ ਆਲੋਚਨਾ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦਲੀਲ ਦਿੱਤੀ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੇ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਣ ਲਈ ਦਖ਼ਲ ਦਿੱਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




