
ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਦੇ ਫਾਈਨਲ ’ਚ ਸ਼ਨੀਵਾਰ ਨੂੰ ਭਾਰਤ ਨੂੰ ਆਪਣਾ ਖ਼ਿਤਾਬ ਬਰਕਰਾਰ ਰੱਖਣ ਅਤੇ ਲਾਸ ਐਂਜਲਸ ਓਲੰਪਿਕ 2028 ਦੀ ਟਿਕਟ ਪੱਕੀ ਕਰਨ ਲਈ ਮਲੇਸ਼ੀਆ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਨੂੰ ਸੋਨਾ ਜਿੱਤਣ ਲਈ ਟੂਰਨਾਮੈਂਟ ਦੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈ ਕੇ ਆਪਣਾ ਬਹਿਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤੀ ਟੀਮ ਨੇ ਕਦੇ ਵੀ ਲਗਾਤਾਰ ਦੋ ਏਸ਼ੀਆਈ ਖੇਡਾਂ ’ਚ ਸੋਨ ਤਮਗ਼ਾ ਨਹੀਂ ਜਿੱਤਿਆ ਹੈ ਅਤੇ ਉਸ ਕੋਲ ਹੁਣ ਇਹ ਪ੍ਰਾਪਤੀ ਹਾਸਲ ਕਰਕੇ ਭਾਰਤੀ ਹੌਕੀ ਦਾ ਸੁਨਹਿਰੀ ਅਧਿਆਏ ਲਿਖਣ ਦਾ ਸੁਨਹਿਰੀ ਮੌਕਾ ਹੈ। ਸੈਮੀਫਾਈਨਲ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖ਼ਿਲਾਫ਼ ਢਿੱਲੇ ਪ੍ਰਦਰਸ਼ਨ ਤੋਂ ਬਾਅਦ ਹੁਣ ਮਲੇਸ਼ੀਆ ਖ਼ਿਲਾਫ਼ ਉਨ੍ਹਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਪਵੇਗਾ।
ਪਾਕਿਸਤਾਨ ਖ਼ਿਲਾਫ਼ 23ਵੇਂ ਮਿੰਟ ਤੱਕ ਤਿੰਨ ਗੋਲਾਂ ਦੀ ਲੀਡ ਬਣਾਉਣ ਤੋਂ ਬਾਅਦ ਭਾਰਤ ਨੇ ਦੂਜੇ ਹਾਫ਼ ਵਿੱਚ ਤਿੰਨ ਗੋਲ ਗੁਆ ਦਿੱਤੇ ਸਨ ਅਤੇ ਆਖ਼ਰੀ ਸੀਟੀ ਵੱਜਣ ਤੋਂ 45 ਸੈਕਿੰਡ ਪਹਿਲਾਂ ਅਭਿਸ਼ੇਕ ਦੇ ਗੋਲ ਦੇ ਦਮ ‘ਤੇ 4-3 ਨਾਲ ਮਿਲੀ ਜਿੱਤ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਪਿਛਲੀ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ ਆਪਣਾ ਡਿਫੈਂਸ ਮਜ਼ਬੂਤ ਰੱਖਣਾ ਹੋਵੇਗਾ। ਸੈਮੀਫਾਈਨਲ ਅਤੇ ਫਾਈਨਲ ਦੇ ਵਿਚਕਾਰ ਸਿਰਫ਼ ਇੱਕ ਦਿਨ ਦਾ ਫ਼ਾਸਲਾ ਹੋਣ ਕਰਕੇ ਖਿਡਾਰੀਆਂ ਦੀ ਰਿਕਵਰੀ ਵੀ ਅਹਿਮ ਹੋਵੇਗੀ।
ਦੂਜੇ ਪਾਸੇ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਪਿਛਲੀਆਂ ਤਿੰਨ ਏਸ਼ੀਆਈ ਖੇਡਾਂ ਵਿੱਚ ਮਲੇਸ਼ੀਆ ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ। ਭਾਰਤ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ ਕਿ ਮਲੇਸ਼ੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਮੁਕਾਬਲਾ ਕਾਫ਼ੀ ਰੋਮਾਂਚਕ ਰਹੇਗਾ। ਅਸੀਂ ਕਾਫ਼ੀ ਸਮੇਂ ਤੋਂ ਮਲੇਸ਼ੀਆ ਨਾਲ ਨਹੀਂ ਖੇਡੇ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



