InternationalTop News

ਚੀਨ ਤੋਂ ਮੰਗਵਾ ਕੇ ਅਮਰੀਕਾ ’ਚ ਵੇਚੀ ਡਾਇਬਟੀਜ਼ ਤੇ ਭਾਰ ਘਟਾਉਣ ਵਾਲੀ ਨਕਲੀ ਦਵਾਈ, ਦੋ ਭਾਰਤੀਆਂ ਖ਼ਿਲਾਫ਼ ਕੇਸ ਦਰਜ

ਅਮਰੀਕਾ ’ਚ ਘੱਟੋ-ਘੱਟ ਦੋ ਭਾਰਤੀਆਂ ’ਤੇ ਡਾਇਬਟੀਜ਼ ਤੇ ਭਾਰ ਘਟਾਉਣ ਵਾਲੀ ਦਵਾਈ ਓਜ਼ੈਂਪਿਕ ਦੀ ਨਕਲੀ ਖੇਪ ਦੀ ਤਸਕਰੀ ਕਰਨ ਤੇ ਇਸ ਨੂੰ ਵੇਚਣ ਦਾ ਦੋਸ਼ ਲਗਾਇਆ ਗਿਆ ਹੈ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਫਲੋਰੀਡਾ ਦੇ ਮਿਡਲ ਡਿਸਟ੍ਰਿਕਟ ’ਚ ਇੱਕ ਫੈਡਰਲ ਗ੍ਰੈਂਡ ਜਿਊਰੀ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਸਵਪਨਦੀਪ ਰਾਏ ਤੇ ਵਿੱਕੀ ਰਾਮੰਚਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੀਨ ਤੋਂ ਨਕਲੀ ਓਜ਼ੈਂਪਿਕ ਹਾਸਲ ਕੀਤੀ ਤੇ ਇਸ ਨੂੰ ਅਮਰੀਕੀ ਡਿਸਟ੍ਰੀਬਿਊਟਰਾਂ ਨੂੰ ਘੱਟ ਕੀਮਤ ’ਤੇ ਵੇਚਿਆ।
ਵਿਭਾਗ ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਇੱਕ ਰਾਏ ਨੂੰ ਇਟਲੀ ਤੋਂ ਹਵਾਲਗੀ ਕੀਤੇ ਜਾਣ ਤੋਂ ਬਾਅਦ ਟੈਂਪਾ, ਫਲੋਰੀਡਾ ਦੀ ਅਦਾਲਤ ’ਚ ਪਹਿਲੀ ਵਾਰ ਪੇਸ਼ ਕੀਤਾ ਗਿਆ। ਉਸ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ, ਜਦਕਿ ਦੂਜਾ ਮੁਲਜ਼ਮ ਰਾਮੰਚਾ ਅਜੇ ਵੀ ਫਰਾਰ ਹੈ।
ਜੇਕਰ ਦੋਵੇਂ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁੱਲ ਮਿਲਾ ਕੇ 71 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਜੁਲਾਈ 2023 ਤੋਂ ਅਪ੍ਰੈਲ 2024 ਦੇ ਵਿਚਕਾਰ ਰਾਏ ਤੇ ਰਾਮੰਚਾ ਨੇ ਚੀਨ ’ਚ ਗੈਰ-ਅਧਿਕਾਰਤ ਸਰੋਤਾਂ ਤੋਂ ਨਕਲੀ ਓਜ਼ੈਂਪਿਕ ਹਾਸਲ ਕੀਤੀ। ਨਕਲੀ ਦਵਾਈ ਦੀ ਪੈਕੇਜਿੰਗ, ਇਸ ਦੇ ਨਾਲ ਦਿੱਤੀ ਜਾਣ ਵਾਲੀ ਜਾਣਕਾਰੀ ਵਾਲੀ ਪਰਚੀ, ਪੈਨ ਦੇ ਲੇਬਲ ਤੇ ਸੂਈਆਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਸਨ ਕਿ ਖਰੀਦਦਾਰਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਉਨ੍ਹਾਂ ਨੂੰ ਅਸਲੀ ਓਜ਼ੈਂਪਿਕ ਮਿਲ ਰਹੀ ਹੈ। ਓਜ਼ੈਂਪਿਕ ਭਾਰ ਘਟਾਉਣ ਲਈ ਵਰਤੀ ਜਾਣ ਵਾਲੀ ਇੱਕ ਲੋਕਪ੍ਰਿਯ ਦਵਾਈ ਹੈ, ਜਿਸ ਦਾ ਖਰਚ ਮਰੀਜ਼ਾਂ ਲਈ ਹਰ ਮਹੀਨੇ ਸੈਂਕੜੇ ਡਾਲਰ ਹੋ ਸਕਦਾ ਹੈ।
ਨਿਆਂ ਵਿਭਾਗ ਨੇ ਕਿਹਾ, “ਦਸੰਬਰ 2023 ’ਚ ਐਫਡੀਏ ਵੱਲੋਂ ਨਕਲੀ ਓਜ਼ੈਂਪਿਕ ਦੀਆਂ ਕੁਝ ਖੇਪਾਂ ਜ਼ਬਤ ਕਰਨ ਤੇ ਇਨ੍ਹਾਂ ਉਤਪਾਦਾਂ ਬਾਰੇ ਜਨਤਕ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਵੀ ਇਹ ਯੋਜਨਾ ਜਾਰੀ ਰਹੀ।” ਰਾਏ ਤੇ ਰਾਮੰਚਾ ’ਤੇ ਨਕਲੀ ਦਵਾਈਆਂ ਦੀ ਤਸਕਰੀ ਤੇ ਵਿਕਰੀ ਕਰਨ ਦੇ ਨਾਲ-ਨਾਲ ਤਸਕਰੀ ਕਰਨ ਤੇ ਅਮਰੀਕਾ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ। ਜਸਟਿਸ ਡਿਪਾਰਟਮੈਂਟ ਦੇ ਕ੍ਰਿਮਿਨਲ ਡਿਵੀਜ਼ਨ ਦੇ ਅਸਿਸਟੈਂਟ ਅਟਾਰਨੀ ਜਨਰਲ ਏ. ਟਾਈਸਨ ਡੂਵਾ ਨੇ ਕਿਹਾ, “ਨਕਲੀ ਪ੍ਰਿਸਕ੍ਰਿਪਸ਼ਨ ਦਵਾਈਆਂ, ਖਾਸ ਕਰਕੇ ਆਮ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ, ਹਰ ਉਸ ਅਮਰੀਕੀ ਦੀ ਸਿਹਤ ਤੇ ਸੁਰੱਖਿਆ ਲਈ ਖ਼ਤਰਾ ਹਨ ਜੋ ਸਾਡੀ ਫਾਰਮਾਸਿਊਟੀਕਲ ਸਪਲਾਈ ਦੀ ਭਰੋਸੇਯੋਗਤਾ ’ਤੇ ਨਿਰਭਰ ਕਰਦਾ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button