
ਅਕਾਲੀ ਦਲ ਦੀ ਸਾਬਕਾ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਡੀਜੀਪੀ ਦਫ਼ਤਰ ਪਹੁੰਚ ਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਆ ਮਿਲ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਥਕ ਹਲਕਿਆਂ ਵਿੱਚ ਔਰਤਾਂ ਦੇ ਹੋ ਰਹੇ ਕਥਿਤ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕਣ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਰੂਪ ਕੌਰ ਸੰਧੂ ਨੇ ਹਾਲ ਹੀ ਵਿੱਚ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਵਾਂਗ ਪੰਥਕ ਹਲਕਿਆਂ ਵਿੱਚ ਹੋਰ ਔਰਤਾਂ ਨਾਲ ਹੁੰਦੇ ਕਥਿਤ ਸ਼ੋਸ਼ਣ ਦੇ ਮਾਮਲਿਆਂ ਨੂੰ ਜਨਤਕ ਕਰਨ ਦਾ ਦਾਅਵਾ ਕੀਤਾ ਸੀ। ਉਹਨਾਂ ਮੁਤਾਬਕ, ਇਸ ਖੁਲਾਸੇ ਤੋਂ ਬਾਅਦ ਉਹਨਾਂ ਨੂੰ ਫ਼ੋਨਾਂ ਅਤੇ ਸੋਸ਼ਲ ਮੀਡੀਆ ਰਾਹੀਂ ਡਰਾਇਆ-ਧਮਕਾਇਆ ਜਾ ਰਿਹਾ ਹੈ।
ਪਾਰਟੀ ‘ਚੋਂ ਕੱਢੇ ਜਾਣ ਅਤੇ ਮਿਲ ਰਹੀਆਂ ਧਮਕੀਆਂ ਦਰਮਿਆਨ, ਰੂਪ ਕੌਰ ਸੰਧੂ ਨੇ ਡੀਜੀਪੀ ਦਫ਼ਤਰ ਪਹੁੰਚ ਕੇ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣੀ ਗੱਲ ਰੱਖ ਸਕਣ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਸਵੇਰੇ ਹੀ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ। ਪਾਰਟੀ ਵੱਲੋਂ ਇਹ ਕਾਰਵਾਈ ਵਾਰ-ਵਾਰ ਅਨੁਸ਼ਾਸਨਹੀਣਤਾ ਤੇ ਦੁਰਵਿਹਾਰ ਦੇ ਹਵਾਲੇ ਨਾਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ।
ਹਰਗੋਬਿੰਦ ਕੌਰ ਮੁਤਾਬਕ ਰੂਪ ਕੌਰ ਸੰਧੂ ਖ਼ਿਲਾਫ਼ ਇਹ ਫ਼ੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਧੂ ਵੱਲੋਂ ਪਾਰਟੀ ਅਨੁਸ਼ਾਸਨ ਦੇ ਉਲਟ ਲਗਾਤਾਰ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਧਿਆਨ ‘ਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




