
ਚੰਡੀਗੜ੍ਹ-: 29 ਸਤੰਬਰ (ਬਿੰਦੂ ਸਿੰਘ) ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਆਪਣੀ ਤਨਖਾਹ ਤਾਂ ਗੁਰੂ ਕੀ ਗੋਲਕ ਵਿਚੋਂ ਪ੍ਰਾਪਤ ਕਰ ਰਹੇ ਹਨ, ਜਿੰਨਾਂ ਦੀ ਡਿਉਟੀ ਕਮੇਟੀ ਪ੍ਰਬੰਧ ਵੇਖਣ ਦੀ ਹੈ, ਪਰ ਉਹ ਇਸ ਵੇਲੇ ਪ੍ਰਧਾਨ ਸਾਹਿਬ ਦੇ ਨਿਜੀ ਸਹਾਇਕ ਵਜੋਂ ਵਿਚਰ ਰਹੇ ਹਨ। ਇਸਦੀ ਮਿਸਾਲ ਦੇਂਦਿਆਂ ਉਹਨਾਂ ਦੱਸਿਆ ਕਿ ਇਸ ਧਾਰਮਿਕ ਸੰਸਥਾ ਵਿੱਚ ਹੋਏ ਸੈਕਸ ਸ਼ੋਸ਼ਣ ਦੇ ਮਾਮਲੇ ਵਿੱਚ ਜਦੋਂ ਵੀ ਕੋਈ ਜਥੇਬੰਦੀ ਐਸ ਜੀ ਪੀ ਸੀ ਪ੍ਰਧਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਜਾਂਦੀ ਹੈ ਤਾਂ ਮੁੱਖ ਸਕੱਤਰ ਕਮੇਟੀ ਮੁਲਾਜ਼ਮਾਂ ਦਾ ਲਾਓ ਲਸ਼ਕਰ ਲੈ ਕੇ ਉਸ ਜਥੇਬੰਦੀ ਖਿਲਾਫ ਬਰਾਬਰ ਪ੍ਰਦਰਸ਼ਨ ਕਰਨ ਪਹੁੰਚ ਜਾਂਦੇ ਹਨ। ਜੋ ਕਿ ਗੁਰੂ ਘਰ ਵਿੱਚ ਲੱਗੀ ਉਹਨਾਂ ਦੀ ਡਿਊਟੀ ਦਾ ਬਿਲਕੁਲ ਵੀ ਹਿੱਸਾ ਨਹੀਂ ਹੈ। ਵਡਾਲਾ ਨੇ ਕਿਹਾ ਕਿ ਜੇ ਉਹ ਆਪਣੇ ਸਿਆਸੀ ਮਾਲਕਾਂ ਨੂੰ ਜਿਆਦਾ ਖੁਸ਼ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਗੁਰੂ ਘਰ ਦੀ ਨੌਕਰੀ ਛੱਡ ਕੇ ਧਾਮੀ ਸਾਹਿਬ ਦੇ ਗੰਨਮੈਨ ਲੱਗ ਜਾਣਾ ਚਾਹੀਦਾ ਹੈ। ਕਿਉਂਕਿ ਆਪਣੀ ਕਿਰਤ ਕਮਾਈ ਦੇ ਦਾਨ ਨਾਲ ਗੁਰੂ ਕੀਆਂ ਗੋਲਕਾਂ ਭਰਨ ਵਾਲੀ ਸੰਗਤ ਮਾੜੇ ਪ੍ਰਬੰਧ ਅਤੇ ਧਾਂਦਲੀਆਂ ਦਾ ਜਵਾਬ ਤਾਂ ਜਰੂਰ ਮੰਗੇਗੀ। ਵਡਾਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜੋ ਜਿਲੇਵਾਰ ਲਗਾਤਾਰ ਅਰਦਾਸ ਕਰਨ ਦਾ ਸਿਲਸਿਲਾ ਆਰੰਭਿਆ ਹੈ, ਉਸਦੇ ਤਹਿਤ ਕੱਲ 30 ਸਤੰਬਰ ਨੂੰ ਜਲੰਧਰ ਅਤੇ ਕਪੂਰਥਲਾ ਦੀ ਸੰਗਤ ਜਿਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚ ਕੇ ਅਰਦਾਸ ਕਰੇਗੀ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਇਹਨਾਂ ਨਰੈਣੂ ਮਹੰਤਾਂ ਤੋਂ ਗੁਰੂਘਰਾਂ ਨੂੰ ਆਜਾਦ ਕਰਾਉਣ ਦਾ ਬਲ ਬਖਸ਼ਣ। ਵਡਾਲਾ ਨੇ ਵੱਧ ਤੋਂ ਵੱਧ ਪਾਰਟੀ ਵਰਕਰਾਂ ਅਤੇ ਸਿੱਖ ਸੰਗਤਾਂ ਨੂੰ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚਣ ਦੀ ਆਪੀਲ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




