InternationalTop News

ਕੈਨੇਡਾ ‘ਚ ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਵੱਡੀ ਕਾਰਵਾਈ, 200 ਮੈਂਬਰਾਂ ਨੂੰ ਦੇਸ਼ ਛੱਡਣ ਦਾ ਹੁਕਮ, 111 ਡਿਪੋਰਟ

ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਕੈਨੇਡਾ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਗੈਂਗ ਦੇ ਖ਼ਿਲਾਫ਼ ਉੱਥੋਂ ਦੀਆਂ ਏਜੰਸੀਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਏਜੰਸੀਆਂ ਨੇ ਗੈਂਗ ਦੇ 200 ਮੈਂਬਰਾਂ ਨੂੰ ਦੇਸ਼ ਛੱਡਣ ਦਾ ਹੁਕਮ ਸੁਣਾ ਦਿੱਤਾ ਹੈ। ਇਨ੍ਹਾਂ ਵਿੱਚੋਂ ਕਰੀਬ 111 ਲੋਕਾਂ ਨੂੰ ਹੁਣ ਤੱਕ ਡਿਪੋਰਟ ਵੀ ਕੀਤਾ ਜਾ ਚੁੱਕਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸੂਤਰਾਂ ਅਤੇ ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ, ਲਾਰੈਂਸ ਬਿਸ਼ਨੋਈ ਗਰੁੱਪ ਉਨ੍ਹਾਂ ਲਈ ਤਰਜੀਹੀ ਟਾਰਗੇਟਾਂ ਵਿੱਚ ਸ਼ਾਮਲ ਹੈ।
ਇਸ ਕਾਰਵਾਈ ਦੇ ਵਿਚਕਾਰ 25 ਸਾਲਾ ਜਸ਼ਨਦੀਪ ਸਿੰਘ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਸ਼ਨਦੀਪ ਸਿੰਘ ਭਾਰਤੀ ਨਾਗਰਿਕ ਹੈ ਅਤੇ ਦਸੰਬਰ 2022 ਵਿੱਚ ਖੁਦ ਨੂੰ ਵਿਦਿਆਰਥੀ ਦੱਸ ਕੇ ਕੈਨੇਡਾ ਪਹੁੰਚਿਆ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਜੁਲਾਈ ਵਿੱਚ ਉਸ ਨੂੰ ਕੈਨੇਡਾ ਵਿੱਚ ਰਹਿਣ ਲਈ ਅਯੋਗ ਮੰਨਦਿਆਂ ਦੇਸ਼ ਤੋਂ ਬਾਹਰ ਭੇਜਣ ਦਾ ਹੁਕਮ ਦਿੱਤਾ। ਪੁਲਿਸ ਦਾ ਆਰੋਪ ਹੈ ਕਿ ਉਸ ਦਾ ਸਬੰਧ ਲਾਰੈਂਸ ਬਿਸ਼ਨੋਈ ਦੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨਾਲ ਸੀ।
ਜਸ਼ਨਦੀਪ ਸਿੰਘ ਖ਼ਿਲਾਫ਼ ਕਾਰਵਾਈ ਦੀ ਇੱਕ ਵੱਡੀ ਵਜ੍ਹਾ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੀਡੀਓ ਬਣੀ ਹੈ। ਇਹ ਵੀਡੀਓ ਅਗਸਤ 2025 ਵਿੱਚ ਐਡਮੰਟਨ ਵਿੱਚ ਹੋਈ ਇੱਕ ਜਨਮਦਿਨ ਪਾਰਟੀ ਦੀ ਦੱਸੀ ਜਾ ਰਹੀ ਹੈ। ਪਾਰਟੀ ਵਿੱਚ ਬਿਸ਼ਨੋਈ ਗੈਂਗ ਨਾਲ ਜੁੜਿਆ ਦੱਸਿਆ ਜਾ ਰਿਹਾ ਅਰਸ਼ਦੀਪ ਸਿੰਘ ਵੀ ਮੌਜੂਦ ਸੀ। ਅਰਸ਼ਦੀਪ ਸਿੰਘ ਨੂੰ ਬਿਸ਼ਨੋਈ ਗੈਂਗ ਦਾ ਮਿਡਲ ਮੈਨੇਜਰ ਦੱਸਿਆ ਗਿਆ ਹੈ ਅਤੇ ਉਸ ਨੂੰ 2026 ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ।
ਵੀਡੀਓ ਵਿੱਚ ਪਾਰਟੀ ਦੌਰਾਨ ਇੱਕ ਪਿਸਤੌਲ ਲੋਕਾਂ ਵਿਚਕਾਰ ਘੁੰਮਦੀ ਹੋਈ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਪੂਰਾ ਗਰੁੱਪ ਇੱਕ ਪੇਂਡੂ ਇਲਾਕੇ ਵਿੱਚ ਜਾਂਦਾ ਹੈ। ਰਿਪੋਰਟ ਮੁਤਾਬਕ, ਵੀਡੀਓ ਵਿੱਚ ਅਰਸ਼ਦੀਪ ਸਿੰਘ ਕਥਿਤ ਤੌਰ ‘ਤੇ ਪਿਸਤੌਲ ਨਾਲ ਹਵਾ ਵਿੱਚ ਘੱਟੋ-ਘੱਟ ਪੰਜ ਗੋਲੀਆਂ ਚਲਾਉਂਦਾ ਹੋਇਆ ਦਿਖਾਈ ਦਿੰਦਾ ਹੈ। ਵੀਡੀਓ ਵਿੱਚ ਜਨਮਦਿਨ ਦਾ ਕੇਕ ਵੀ ਗੱਡੀ ਦੀ ਡਿੱਕੀ ‘ਤੇ ਰੱਖਿਆ ਹੋਇਆ ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇਸ ਵੀਡੀਓ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਮੌਕੇ ਤੋਂ ਵਰਤੇ ਗਏ ਕਾਰਤੂਸਾਂ ਦੇ ਖੋਖੇ ਮਿਲੇ।
ਜਾਂਚ ਅੱਗੇ ਵਧੀ ਤਾਂ ਇਸ ਹਥਿਆਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਕੈਫੇ ‘ਤੇ ਹੋਈ ਗੋਲੀਬਾਰੀ ਨਾਲ ਜੋੜ ਕੇ ਦੇਖਿਆ ਗਿਆ। ਇਹ ਗੋਲੀਬਾਰੀ ਕੈਨੇਡਾ ਦੇ ਲੋਅਰ ਮੇਨਲੈਂਡ ਇਲਾਕੇ ਵਿੱਚ ਐਕਸਟੌਰਸ਼ਨ ਨਾਲ ਜੁੜੀ ਸ਼ੂਟਿੰਗ ਦੀ ਜਾਂਚ ਦਾ ਹਿੱਸਾ ਸੀ। ਇਸ ਪੂਰੇ ਮਾਮਲੇ ਵਿੱਚ ਜਸ਼ਨਦੀਪ ਸਿੰਘ ਵੀ ਪੁਲਿਸ ਦੇ ਰਡਾਰ ‘ਤੇ ਆ ਗਿਆ। ਇਮੀਗ੍ਰੇਸ਼ਨ ਸੁਣਵਾਈ ਦੌਰਾਨ ਉਸ ਨੇ ਬਿਸ਼ਨੋਈ ਗੈਂਗ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ। ਹਥਿਆਰ ਵਾਲੀ ਵੀਡੀਓ ਨੂੰ ਲੈ ਕੇ ਵੀ ਉਸ ਨੇ ਵੱਖ-ਵੱਖ ਦਲੀਲਾਂ ਦਿੱਤੀਆਂ।
ਰਿਪੋਰਟ ਮੁਤਾਬਕ, ਇਮੀਗ੍ਰੇਸ਼ਨ ਬੋਰਡ ਨੇ ਉਸ ਦੇ ਬਿਆਨ ਵਿੱਚ ਕਈ ਵਿਰੋਧਾਭਾਸ ਪਾਏ ਅਤੇ ਉਸ ਨੂੰ ਭਰੋਸੇਯੋਗ ਨਹੀਂ ਮੰਨਿਆ। ਇਸ ਕਾਰਵਾਈ ਤੋਂ ਬਾਅਦ ਕੈਨੇਡਾ ਵਿੱਚ ਬਿਸ਼ਨੋਈ ਗੈਂਗ ਦੇ ਨੈੱਟਵਰਕ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੀ ਸਾਹਮਣੇ ਆਈ ਹੈ।
ਬਿਸ਼ਨੋਈ ਗੈਂਗ ਨਾਲ ਜੁੜੇ ਲੋਕਾਂ ‘ਤੇ ਟੈਰਰ, ਐਕਸਟੌਰਸ਼ਨ, ਡਰੱਗਜ਼ ਅਤੇ ਕਾਂਟ੍ਰੈਕਟ ਕਿਲਿੰਗ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਆਰੋਪ ਹਨ। ਇਸੇ ਦੌਰਾਨ ਸਤੰਬਰ 2026 ਵਿੱਚ ਗੈਂਗ ਵੱਲੋਂ ਕਥਿਤ ਤੌਰ ‘ਤੇ ਸਾਹਮਣੇ ਆਇਆ ਇੱਕ ਪੱਤਰ ਵੀ ਚਰਚਾ ਵਿੱਚ ਰਿਹਾ। ਇਸ ਪੱਤਰ ਵਿੱਚ ਗੈਂਗ ਨੇ ਕੈਨੇਡਾ ਵਿੱਚ ਆਪਣੇ 5,000 ਸ਼ੂਟਰ ਹੋਣ ਦਾ ਦਾਅਵਾ ਕੀਤਾ ਸੀ ਅਤੇ ਕੈਨੇਡਾ ਨੂੰ ਧਮਕੀ ਦਿੱਤੀ ਸੀ ਕਿ ਉਹ ਜਲਦ ਹੀ ਦੇਸ਼ ‘ਤੇ ਕਬਜ਼ਾ ਕਰ ਲਵੇਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button