InternationalTop News

ਕੈਨੇਡਾ ‘ਚ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼

ਕੈਨੇਡਾ ਦੀ ਪੀਲ ਰੀਜਨਲ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਵਿਚ ਸਰਗਰਮ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ (ਅੰਡਰਕਵਰ) ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 23 ਗੈਰ-ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਅਤੇ 950 ਤੋਂ ਵੱਧ ਜਿਊਂਦੇ ਕਾਰਤੂਸ ਬਰਾਮਦ ਕੀਤੇ ਹਨ।
‘ਪ੍ਰੋਜੈਕਟ ਰੈੱਡ ਜ਼ੋਨ’ ਨਾਂ ਦੇ ਇਸ ਵਿਸ਼ੇਸ਼ ਅਪਰੇਸ਼ਨ ਨੂੰ ਪੀਲ ਰੀਜਨਲ ਪੁਲਿਸ ਦੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਵੱਲੋਂ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ (ਸੀ.ਆਈ.ਐੱਸ.ਓ.) ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਪੁਲਿਸ ਅਨੁਸਾਰ ਇਹ ਜਾਂਚ ਅਕਤੂਬਰ 2025 ਵਿਚ ਸ਼ੁਰੂ ਕੀਤੀ ਗਈ ਸੀ, ਜੋ ਜੁਲਾਈ 2026 ਤੱਕ ਲਗਾਤਾਰ ਜਾਰੀ ਰਹੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ ਵਿਚੋਂ 15 ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਸਨ, ਜਦਕਿ ਕਈ ਹਥਿਆਰ ਕੈਨੇਡਾ ਵਿਚ ਪੂਰੀ ਤਰ੍ਹਾਂ ਬੈਨ ਹਨ।ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਹਥਿਆਰਾਂ ਵਿਚੋਂ ਇੱਕ ਹਥਿਆਰ ਮਾਰਚ 2024 ਵਿਚ ਮਿਸੀਸਾਗਾ ਵਿਚ ਹੋਏ ਇੱਕ ਕਤਲ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਸੀ। ਫੋਰੈਂਸਿਕ ਜਾਂਚ ਰਾਹੀਂ ਇਸ ਪ੍ਰੋਜੈਕਟ ਤਹਿਤ ਫੜੇ ਗਏ ਹਥਿਆਰਾਂ ਦਾ ਸਬੰਧ ਜੀ.ਟੀ.ਏ. ਵਿਚ ਹੋਈਆਂ 14 ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਵੀ ਜੋੜਿਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਟੀਫ਼ਨ ਪ੍ਰਕਾਸ਼ ਕੰਸਾਲਾ (24, ਨਿਵਾਸੀ ਸਕੁਆਰਬਰੋ), ਅਕਸ਼ੈ ਸ਼੍ਰੀਕਾਂਤਨ (24, ਨਿਵਾਸੀ ਐਜੈਕਸ), ਸਮੀ ਸ਼ੇਖ (28, ਨਿਵਾਸੀ ਮਿਸੀਸਾਗਾ) ਅਤੇ ਜਨੋਜ ਧਿਆਬਰਨ (23, ਨਿਵਾਸੀ ਟੋਰਾਂਟੋ) ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ 20-25 ਸਾਲ ਦੀ ਉਮਰ ਦੇ ਹਨ ਅਤੇ ਇਨ੍ਹਾਂ ‘ਤੇ ਹਥਿਆਰਾਂ ਤੇ ਕਾਰਤੂਸਾਂ ਦੀ ਤਸਕਰੀ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਦੱਸਿਆ ਕਿ ਸਟੀਫ਼ਨ ਪ੍ਰਕਾਸ਼ ਕੰਸਾਲਾ ਅਤੇ ਜਨੋਜ ਧਿਆਬਰਨ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ, ਜਦਕਿ ਅਕਸ਼ੈ ਸ਼੍ਰੀਕਾਂਤਨ ਅਤੇ ਸਮੀ ਸ਼ੇਖ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਬਾਅਦ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਅੱਗੇ ਪੇਸ਼ ਹੋਣਗੇ। ਪੁਲਿਸ ਨੇ ਮੁਲਜ਼ਮਾਂ ਦੀ ਨਸਲ, ਕੌਮੀਂਅਤ ਜਾਂ ਪਿਛੋਕੜ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਸਾਲ ਹੁਣ ਤੱਕ ਉਹ 125 ਅਪਰਾਧਿਕ ਹਥਿਆਰ ਬਰਾਮਦ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button