IndiaTop News

ਇਮੀਗਰੇਸ਼ਨ ਕਲੀਅਰ ਕੀਤੇ ਬਿਨਾਂ ਜਰਮਨੀ ਪੁੱਜਣ ਦਾ ਮਾਮਲਾ: ਏਅਰ ਇੰਡੀਆ ਦਾ ਮੁਲਾਜ਼ਮ ਮੁਅੱਤਲ

 ਅੰਮ੍ਰਿਤਸਰ-ਦਿੱਲੀ-ਮਿਊਨਿਖ ਫਲਾਈਟ ਵਿਚ ਤਿੰਨ ਜਣੇ ਬਿਨਾਂ ਇਮੀਗਰੇਸ਼ਨ ਕਲੀਅਰ ਕੀਤੇ ਜਰਮਨੀ ਪੁੱਜ ਗਏ ਸਨ। ਇਸ ਮਾਮਲੇ ਦਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨੋਟਿਸ ਲਿਆ ਸੀ ਤੇ ਸਖਤੀ ਤੋਂ ਬਾਅਦ ਇਸ ਮਾਮਲੇ ਵਿਚ ਏਅਰ ਇੰਡੀਆ ਦੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿੰਨ ਜਣਿਆਂ ਨੂੰ ਅੰਮ੍ਰਿਤਸਰ ਉਡਾਣ ਭਰਨ ਦੌਰਾਨ ਹੀ ਕੌਮਾਂਤਰੀ ਬੋਰਡਿੰਗ ਪਾਸ ਇਸ਼ੂ ਕਰ ਦਿੱਤੇ ਗਏ ਸਨ, ਜਦਕਿ ਇਨ੍ਹਾਂ ਨੂੰ ਡੋਮੈਸਟਿਕ ਬੋਰਡਿੰਗ ਪਾਸ ਦੇਣੇ ਬਣਦੇ ਸਨ ਤੇ ਦਿੱਲੀ ਵਿਚ ਇਨ੍ਹਾਂ ਦੀ ਇਮੀਗਰੇਸ਼ਨ ਕਲੀਅਰੈਂਸ ਹੋਣੀ ਚਾਹੀਦੀ ਸੀ ਪਰ ਏਅਰ ਇੰਡੀਆ ਦੇ ਸਟਾਫ ਨੇ ਇਨ੍ਹਾਂ ਤਿੰਨ ਜਣਿਆਂ ਨੂੰ ਜਰਮਨੀ ਵਾਲੇ ਜਹਾਜ਼ ਵਿਚ ਵੱਖਰਾ ਲਾਂਘਾ ਦੇ ਦਿੱਤਾ।
ਜਾਣਕਾਰੀ ਅਨੁਸਾਰ ਤਿੰਨ ਇਤਾਲਵੀ ਨਾਗਰਿਕ ਸੁਰਜੀਤ ਸਿੰਘ, ਬਲਵਿੰਦਰ ਕੌਰ ਅਤੇ ਗੁਰਦੇਵ ਸਿੰਘ 3 ਅਤੇ 4 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਅਰ ਇੰਡੀਆ ਦੀ ਫਲਾਈਟ ਏਆਈ1115 ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 4 ਸਤੰਬਰ ਨੂੰ ਸਵੇਰੇ 1:45 ਵਜੇ ਮਿਊਨਿਖ ਲਈ ਲੁਫ਼ਥਾਂਸਾ ਦੀ ਫਲਾਈਟ ਐੱਲਐੱਚ763 ਫੜੀ, ਜਦੋਂ ਕਿ ਉਨ੍ਹਾਂ ਨੇ ਰਵਾਨਗੀ ਸਮੇਂ ਦੀ ਲਾਜ਼ਮੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਹੀ ਨਹੀਂ ਕੀਤੀ। ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਅਰ ਇੰਡੀਆ ਤੋਂ ਸਪੱਸ਼ਟੀਕਰਨ ਮੰਗਿਆ ਸੀ ਕਿ ਉਹ ਸਪੱਸ਼ਟ ਕਰੇ ਕਿ ਪ੍ਰਵਾਨਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀ.) ਦੀ ਉਲੰਘਣਾ ਕਰਨ ਅਤੇ ਇਮੀਗ੍ਰੇਸ਼ਨ ਤੋਂ ਬਚਣ ਲਈ ਲੋੜੀਂਦੇ ਚੈੱਕ ਨਾ ਲਗਾਉਣ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਮੰਤਰਾਲੇ ਦੇ ਨੋਟਿਸ ਅਨੁਸਾਰ ਤਿੰਨੋਂ ਯਾਤਰੀ ਏਆਈ1115 ਰਾਹੀਂ ਰਾਤ 12:50 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਸਨ। ਯਾਤਰੀਆਂ ਨੂੰ ਅੰਮ੍ਰਿਤਸਰ ਵਿਚ ਹੀ ਅੰਮ੍ਰਿਤਸਰ-ਦਿੱਲੀ ਸੈਕਟਰ ਦੇ ਨਾਲ-ਨਾਲ ਅੱਗੇ ਦੀ ਲੁਫ਼ਥਾਂਸਾ ਯਾਤਰਾ ਲਈ ਵੀ ਬੋਰਡਿੰਗ ਪਾਸ ਜਾਰੀ ਕਰ ਦਿੱਤੇ ਗਏ ਸਨ ਪਰ ਦਿੱਲੀ ਪਹੁੰਚਣ ‘ਤੇ ਉਨ੍ਹਾਂ ਨੂੰ ਡੋਮੈਸਟਿਕ ਟਰਾਂਸਫਰ ਦੀ ਬਜਾਏ ਅੰਤਰਰਾਸ਼ਟਰੀ ਤੋਂ ਅੰਤਰਰਾਸ਼ਟਰੀ (ਆਈ-ਟੂ-ਆਈ) ਟਰਾਂਸਫਰ ਖੇਤਰ ਵਿਚ ਪਹੁੰਚਾ ਦਿੱਤਾ ਗਿਆ। ਇਸ ਗਲਤ ਰਸਤੇ ਕਾਰਨ ਉਹ ਇਮੀਗ੍ਰੇਸ਼ਨ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੇ ਬਿਨਾਂ ਹੀ ਆਪਣੇ ਮਿਊਨਿਖ ਵਾਲੇ ਜਹਾਜ਼ ਵੱਲ ਚਲੇ ਗਏ।
ਮੰਤਰਾਲੇ ਨੇ ਏਅਰ ਇੰਡੀਆ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਬੋਰਡਿੰਗ ਪਾਸ ਜਾਰੀ ਕਰਨ, ਯਾਤਰੀਆਂ ਨੂੰ ਵੱਖ-ਵੱਖ ਕਰਨ ਅਤੇ ਕਨੈਕਟਿੰਗ ਏਅਰਪੋਰਟ ‘ਤੇ ਉਨ੍ਹਾਂ ਦੀ ਆਵਾਜਾਈ ਸਮੇਤ ਪੂਰੇ ਸਫ਼ਰ ਦਾ ਜਾਇਜ਼ਾ ਲਿਆ ਹੈ। ਇਸ ਮਾਮਲੇ ਵਿਚ ‘ਡਿਜੀਯਾਤਰਾ’ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਹੁਣ ਜਾਂਚ ਦੇ ਹੋਰ ਪੱਧਰ ਜੋੜਨ ‘ਤੇ ਵਿਚਾਰ ਕਰ ਰਹੀ ਹੈ, ਤਾਂ ਜੋ ਇੱਕ ਪੜਾਅ ‘ਤੇ ਲਾਪ੍ਰਵਾਹੀ ਹੋਣ ‘ਤੇ ਵੀ ਕੋਈ ਯਾਤਰੀ ਇਮੀਗ੍ਰੇਸ਼ਨ ਪ੍ਰਕਿਰਿਆ ਤੋਂ ਬਿਨਾਂ ਅੱਗੇ ਨਾ ਲੰਘ ਸਕੇ। ਟਰਾਂਸਫਰ ਪੁਆਇੰਟਾਂ ‘ਤੇ ਬੋਰਡਿੰਗ ਪਾਸ ਦੇ ਨਿਸ਼ਾਨਾਂ ਦੀ ਬਾਰੀਕੀ ਨਾਲ ਜਾਂਚ ਅਤੇ ਗਰਾਊਂਡ ਸਟਾਫ਼ ਵੱਲੋਂ ਵਾਧੂ ਸਰੀਰਕ ਜਾਂਚ ਵਰਗੇ ਕਦਮਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button