
ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਸਾਲ 2013 ਤੋਂ ਫ਼ਰਾਰ ਚੱਲ ਰਹੇ ਮੁਲਜ਼ਮ ਹਰਨੇਕ ਸਿੰਘ ਨੂੰ ਅਮਰੀਕਾ ਤੋਂ ਡਿਪੋਰਟ ਕਰਵਾ ਕੇ ਭਾਰਤ ਵਾਪਸ ਲਿਆਉਣ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਠੱਗੀ, ਜਾਅਲਸਾਜ਼ੀ ਅਤੇ ਸਾਜ਼ਿਸ਼ ਰਚਣ ਵਰਗੇ ਦੋਸ਼ਾਂ ‘ਚ ਨਾਮਜ਼ਦ ਹਰਨੇਕ ਸਿੰਘ ਨੂੰ 9 ਸਤੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਦਿਆਂ ਹੀ ਸੀ.ਬੀ.ਆਈ. ਅਧਿਕਾਰੀਆਂ ਨੇ ਤੁਰੰਤ ਹਿਰਾਸਤ ‘ਚ ਲੈ ਲਿਆ। ਇੱਥੋਂ ਉਸ ਨੂੰ ਹਰਿਆਣਾ ਦੇ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਨੂੰ ਤੈਅ ਕੀਤੀ ਗਈ ਹੈ।ਸਾਲ 2013 ਵਿਚ ਭਾਰਤ ਤੋਂ ‘ਸਪੂਫ਼ਡ ਕਾਲਾਂ’ ਰਾਹੀਂ ਸਿੰਗਾਪੁਰ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਠੱਗ ਆਪਣੇ ਆਪ ਨੂੰ ‘ਸਿੰਗਾਪੁਰ ਇਮੀਗ੍ਰੇਸ਼ਨ’ ਦੇ ਅਧਿਕਾਰੀ ਦੱਸ ਕੇ ਪੀੜਤਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੇ ‘ਲੈਂਡਿੰਗ ਫ਼ਾਰਮ’ ‘ਚ ਦਿੱਤੀ ਗਈ ਜਾਣਕਾਰੀ ਗਲਤ ਹੈ ਅਤੇ ਉਨ੍ਹਾਂ ‘ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਮਾਮਲਾ ਰਫ਼ਾ-ਦਫ਼ਾ ਕਰਨ ਲਈ ਵੈਸਟਰਨ ਯੂਨੀਅਨ ਮਨੀ ਟ੍ਰਾਂਸਫ਼ਰ ਰਾਹੀਂ ਪੀੜਤਾਂ ਤੋਂ ਪੈਸੇ ਮੰਗਵਾਏ ਜਾਂਦੇ ਸਨ।
ਜਾਂਚ ਵਿਚ ਸਾਹਮਣੇ ਆਇਆ ਕਿ ਹਰਨੇਕ ਸਿੰਘ ਆਪਣੇ ਸਾਥੀਆਂ ਆਦਿਤਿਆ ਭਾਰਦਵਾਜ ਅਤੇ ਦੀਪਕ ਜੈਨ ਨਾਲ ਮਿਲ ਕੇ ਇੱਕ ਮਨੀ-ਟ੍ਰਾਂਸਫ਼ਰ ਆਊਟਲੇਟ ਚਲਾਉਂਦਾ ਸੀ, ਜਿਸ ਰਾਹੀਂ ਠੱਗੀ ਦੇ ਪੈਸੇ ਪ੍ਰਾਪਤ ਕੀਤੇ ਜਾਂਦੇ ਸੀ। ਹਰਨੇਕ ਮਈ 2013 ‘ਚ ਭਾਰਤ ਤੋਂ ਫ਼ਰਾਰ ਹੋ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚ ਗਿਆ ਸੀ। ਸੀ.ਬੀ.ਆਈ. ਨੇ ਸਾਲ 2016 ‘ਚ ਇਸ ਮਾਮਲੇ ‘ਚ ਆਈ.ਪੀ.ਸੀ. ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਹਰਨੇਕ ਦੇ ਫ਼ਰਾਰ ਰਹਿਣ ਦੌਰਾਨ ਅਦਾਲਤ ਨੇ 26 ਮਈ 2025 ਨੂੰ ਹਰਨੇਕ ਦੇ ਬਾਕੀ ਦੋਵੇਂ ਸਾਥੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਸੀ। ਅਮਰੀਕੀ ਨਿਆਂ ਵਿਭਾਗ ਰਾਹੀਂ ਸੰਮਨ ਭੇਜਣ ਦੇ ਬਾਵਜੂਦ ਜਦੋਂ ਹਰਨੇਕ ਅਦਾਲਤ ‘ਚ ਪੇਸ਼ ਨਹੀਂ ਹੋਇਆ, ਤਾਂ ਪੰਚਕੂਲਾ ਅਦਾਲਤ ਨੇ 22 ਅਪ੍ਰੈਲ 2024 ਨੂੰ ਉਸ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਇੰਟਰਪੋਲ ਵੱਲੋਂ ‘ਰੈੱਡ ਨੋਟਿਸ’ ਅਤੇ ‘ਲੁੱਕ-ਆਊਟ ਸਰਕੁਲਰ’ (ਐੱਲ.ਓ.ਸੀ.) ਜਾਰੀ ਕਰਵਾ ਕੇ ਉਸ ਨੂੰ ਅਮਰੀਕਾ ‘ਚ ਗ੍ਰਿਫ਼ਤਾਰ ਕਰਵਾਇਆ ਗਿਆ ਅਤੇ ਹੁਣ ਆਖ਼ਿਰ ਭਾਰਤ ਡਿਪੋਰਟ ਕਰਵਾ ਲਿਆ ਗਿਆ ਹੈ। ਹੁਣ ਇਸ ਮਾਮਲੇ ‘ਚ ਅਗਲੇਰੀ ਕਾਰਵਾਈ ਰਾਹੀਂ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




