
ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਖੇਡੇ ਗਏ 14ਵੇਂ ਰੌਮਾਂਚਕ ਮੈਚ ਵਿਚ ਬਠਿੰਡਾ ਰਾਇਲਜ਼ ਨੇ ਜਲੰਧਰ ਵਾਰੀਅਰਜ਼ ਨੂੰ 9 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬਠਿੰਡਾ ਰਾਇਲਜ਼ ਨੇ ਸ਼ੁਰੂਆਤੀ ਝਟਕੇ ਤੋਂ ਉੱਭਰਦੇ ਹੋਏ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 228 ਦੌੜਾਂ ਬਣਾਈਆਂ। ਟੀਮ ਨੇ ਦੂਜੇ ਓਵਰ ਤੱਕ ਸਿਰਫ਼ 4 ਦੌੜਾਂ ‘ਤੇ 2 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਉਦੈ ਸਹਾਰਨ ਅਤੇ ਗੌਰਵ ਚੌਧਰੀ ਨੇ ਤਾਬੜ-ਤੋੜ ਬੱਲੇਬਾਜ਼ੀ ਕਰਦਿਆਂ ਮੈਚ ਦਾ ਰੁਖ ਬਦਲ ਦਿੱਤਾ। ਉਦੈ ਸਹਾਰਨ ਨੇ 49 ਗੇਂਦਾਂ ‘ਚ 4 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਗੌਰਵ ਚੌਧਰੀ ਨੇ 52 ਗੇਂਦਾਂ ‘ਤੇ 102 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡਦਿਆਂ 7 ਚੌਕੇ ਅਤੇ 8 ਛੱਕੇ ਜੜ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਦੋਵਾਂ ਬੱਲੇਬਾਜ਼ਾਂ ਨੇ ਜਲੰਧਰ ਦੇ ਗੇਂਦਬਾਜ਼ਾਂ ‘ਤੇ ਲਗਾਤਾਰ ਦਬਾਅ ਬਣਾਈ ਰੱਖਦਿਆਂ ਵੱਡੇ ਸਕੋਰ ਦੀ ਨੀਂਹ ਰੱਖੀ। ਸ਼ਾਹਬਾਜ਼ ਸਿੰਘ ਸੰਧੂ ਨੇ ਅੰਤਿਮ ਓਵਰਾਂ ਵਿਚ ਸਿਰਫ਼ 7 ਗੇਂਦਾਂ ‘ਤੇ 3 ਛੱਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ। 229 ਦੌੜਾਂ ਦੇ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਜਲੰਧਰ ਵਾਰੀਅਰਜ਼ ਦੀ ਟੀਮ ਜ਼ਬਰਦਸਤ ਪਾਰੀ ਖੇਡਦਿਆਂ ਜਿੱਤ ਦੇ ਬੇਹੱਦ ਨੇੜੇ ਪਹੁੰਚ ਗਈ। ਹਰਿਜਸ ਸਿੰਘ ਟੰਡਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 45 ਗੇਂਦਾਂ ‘ਤੇ 94 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿਚ 12 ਚੌਕੇ ਅਤੇ 3 ਛੱਕੇ ਸ਼ਾਮਿਲ ਸਨ, ਜਦਕਿ ਵਿਸ਼ਵਨਾਥ ਸਿੰਘ ਨੇ 41 ਦੌੜਾਂ ਬਣਾਈਆਂ। ਮਹੱਤਵਪੂਰਨ ਮੌਕਿਆਂ ‘ਤੇ ਵਿਕਟਾਂ ਗੁਆਉਣ ਦੇ ਬਾਵਜੂਦ ਜਲੰਧਰ ਵਾਰੀਅਰਜ਼ ਨੇ ਅੰਤਿਮ ਪੜਾਅ ਵਿਚ ਜ਼ਬਰਦਸਤ ਵਾਪਸੀ ਕੀਤੀ।
ਆਖ਼ਰੀ ਓਵਰ ਵਿਚ ਇਕ ਸਮੇਂ ਟੀਮ ਨੂੰ 4 ਗੇਂਦਾਂ ‘ਤੇ 17 ਦੌੜਾਂ ਦੀ ਲੋੜ ਸੀ, ਜਿਸ ਨਾਲ ਮੁਕਾਬਲਾ ਆਖ਼ਰੀ ਪਲ ਤੱਕ ਰੌਮਾਂਚਕ ਬਣਿਆ ਰਿਹਾ। ਆਖ਼ਰੀ ਓਵਰ ਦੀ 5ਵੀਂ ਗੇਂਦ ‘ਤੇ ਰਣਦੀਪ ਸਿੰਘ ਦੇ 11 ਦੌੜਾਂ ‘ਤੇ ਆਊਟ ਹੋਣ ਨਾਲ ਜਲੰਧਰ ਦੀ ਜਿੱਤ ਦੀ ਉਮੀਦ ਢੇਹ-ਢੇਰੀ ਹੋ ਗਈ। ਜਲੰਧਰ ਵਾਰੀਅਰਜ਼ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ‘ਤੇ ਕੇਵਲ 219 ਦੌੜਾਂ ਹੀ ਬਣਾ ਸਕੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




