
ਬੇਰੁਜ਼ਗਾਰ ਸਾਥੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 5 ਤਾਰੀਖ਼ ਤੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ (ਐਸ.ਸੀ.ਓ. ਨੰਬਰ 102-103, ਸੈਕਟਰ 34-ਏ, ਚੰਡੀਗੜ੍ਹ) ਦੇ ਦਫ਼ਤਰ ਅੱਗੇ ਲਗਾਤਾਰ ਪੱਕਾ ਧਰਨਾ ਜਾਰੀ ਹੈ।
5 ਤਾਰੀਖ਼ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਦੇ ਵੱਖ-ਵੱਖ ਉੱਚ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਕਈ ਮੀਟਿੰਗਾਂ ਹੋਈਆਂ, ਪਰ ਉਨ੍ਹਾਂ ਵੱਲੋਂ ਸਿਰਫ਼ ਮਿੱਠੀਆਂ ਗੋਲੀਆਂ ਦੇ ਕੇ ਸਮਾਂ ਹੀ ਮੰਗਿਆ ਗਿਆ ਅਤੇ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਇਸੇ ਲੜੀ ਤਹਿਤ 17 ਤਾਰੀਖ਼ ਦੇ ਰੋਸ ਮਾਰਚ ਤੋਂ ਬਾਅਦ 19 ਤਾਰੀਖ਼ ਨੂੰ ਪੰਜਾਬ ਸਰਕਾਰ ਦੇ ਓ.ਐਸ.ਡੀ. ਪਰਮਿੰਦਰ ਸਿੰਘ ਬਰਾੜ ਨਾਲ ਅਹਿਮ ਮੀਟਿੰਗ ਹੋਈ ਸੀ, ਜਿਸ ਵਿੱਚ ਉਨ੍ਹਾਂ ਮੰਗਾਂ ਦੇ ਹੱਲ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ। ਪਰ ਅੱਜ ਇੱਕ ਹਫ਼ਤਾ ਪੂਰਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਨਾ ਤਾਂ ਬੈਕਲਾਗ ਭਰਤੀ ਮੇਲੇ ਦਾ ਅਤੇ ਨਾ ਹੀ ਪੈਨਸ਼ਨ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਰਕਾਰ ਦੇ ਇਸ ਰਵੱਈਏ ਤੋਂ ਸਪੱਸ਼ਟ ਹੈ ਕਿ ਉਹ ਸਿਰਫ਼ ਸਮਾਂ ਲੰਘਾ ਰਹੀ ਹੈ, ਜਿਸ ਕਰਕੇ ਨੇਤਰਹੀਣ ਸਾਥੀਆਂ ਵਿੱਚ ਭਾਰੀ ਰੋਸ ਹੈ।
*ਮੁੱਖ ਮੰਗਾਂ:*
* *ਬੈਕਲਾਗ ਦੀਆਂ ਅਸਾਮੀਆਂ:* ਸਰਕਾਰੀ ਵਿਭਾਗਾਂ ਵਿੱਚ ਨੇਤਰਹੀਣਾਂ ਲਈ ਖਾਲੀ ਪਈਆਂ ਬੈਕਲਾਗ ਦੀਆਂ ਅਸਾਮੀਆਂ ਭਰਨ ਲਈ ਤੁਰੰਤ ਭਰਤੀ ਮੇਲਾ ਲਗਾਇਆ ਜਾਵੇ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
* *ਸਿੱਖਿਆ ਅਤੇ ਰੁਜ਼ਗਾਰ:* ਨੇਤਰਹੀਣਾਂ ਲਈ ਉੱਚ ਸਿੱਖਿਆ (Higher Education) ਦੇ ਪੂਰੇ ਪ੍ਰਬੰਧ ਕੀਤੇ ਜਾਣ ਅਤੇ ਯੋਗਤਾ ਅਨੁਸਾਰ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।
* *ਸਮਾਜਿਕ ਸੁਰੱਖਿਆ:* ਵਿਸ਼ੇਸ਼ ਅੰਗਹੀਣਤਾ ਪੈਨਸ਼ਨ ਵਿੱਚ ਵਾਧਾ ਕਰਕੇ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
*ਵਿਸ਼ੇਸ਼ ਨਮਰ ਬੇਨਤੀ ਤੇ ਅਪੀਲ:*
ਜਿਹੜੀਆਂ-ਜਿਹੜੀਆਂ ਵੀ ਐਸੋਸੀਏਸ਼ਨਾਂ ਇਸ ਸੰਘਰਸ਼ ਵਿੱਚ ਸਾਡੇ ਬੇਰੁਜ਼ਗਾਰ ਸਾਥੀਆਂ ਦਾ ਸਾਥ ਦੇ ਰਹੀਆਂ ਹਨ, ਉਨ੍ਹਾਂ ਸਮੂਹ ਜਥੇਬੰਦੀਆਂ, ਰੁਜ਼ਗਾਰ ਪ੍ਰਾਪਤ ਸਾਥੀਆਂ ਅਤੇ ਬੇਰੁਜ਼ਗਾਰ ਭਰਾਵਾਂ-ਭੈਣਾਂ ਨੂੰ ਨਮਰਤਾ ਸਹਿਤ ਜ਼ੋਰਦਾਰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਉਂਦੇ *1 ਸਤੰਬਰ, ਦਿਨ ਮੰਗਲਵਾਰ* ਨੂੰ *ਸਵੇਰੇ 10:00 ਵਜੇ* ਹੋ ਰਹੇ *ਰੋਸ ਮਾਰਚ* ਅਤੇ ਪੱਕੇ ਧਰਨੇ ਵਿੱਚ ਕਿਰਪਾ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣਾ ਕੀਮਤੀ ਯੋਗਦਾਨ ਜ਼ਰੂਰ ਪਾਉਣ।
ਬੇਰੁਜ਼ਗਾਰ ਨੇਤਰਹੀਣਾਂ ਦੇ ਦੁੱਖ-ਦਰਦ ਨੂੰ ਆਪਾਂ ਸਾਰੇ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਸ ਲਈ ਆਓ ਸਾਰੇ ਰਲ-ਮਿਲ ਕੇ ਇਕਜੁੱਟ ਹੋਈਏ ਅਤੇ ਆਪਣੀ ਆਵਾਜ਼ ਬੁਲੰਦ ਕਰੀਏ, ਤਾਂ ਜੋ ਅਸੀਂ ਆਪਣੇ ਹੱਕ ਅਤੇ ਅਧਿਕਾਰ ਪ੍ਰਾਪਤ ਕਰ ਸਕੀਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




