InternationalTop News

ਆਈਸ ਵੱਲੋਂ ਬਿਜਲੀ ਦਾ ਝਟਕਾ ਦੇਣ ਵਾਲੇ 6,000 ਦਸਤਾਨੇ ਖਰੀਦਣ ‘ਤੇ ਵਿਵਾਦ

 ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ, ਯਾਨੀ ਆਈਸ ਨੇ ਬਿਜਲੀ ਦਾ ਝਟਕਾ ਦੇਣ ਵਾਲੇ 6,000 ਵਿਸ਼ੇਸ਼ ਦਸਤਾਨੇ ਖਰੀਦਣ ਲਈ ਲਗਭਗ 16.7 ਮਿਲੀਅਨ ਡਾਲਰ ਦਾ ਠੇਕਾ ਦਿੱਤਾ ਹੈ। ਇਹ ਠੇਕਾ ਕੇਨਟਕੀ ਦੀ ਕੰਪਲੀਐਂਟ ਟੈਕਨੋਲੀਜ਼ ਐੱਲ.ਐੱਲ.ਸੀ. ਕੰਪਨੀ ਨੂੰ ਬਿਨਾਂ ਖੁੱਲ੍ਹੀ ਮੁਕਾਬਲੇਬਾਜ਼ੀ ਦੇ ਦਿੱਤਾ ਗਿਆ ਹੈ। ਇਸ ਵਿਚ ਦਸਤਾਨਿਆਂ ਦੇ ਨਾਲ ਸਹਾਇਕ ਸਾਜ਼ੋ-ਸਾਮਾਨ ਅਤੇ 6 ਮਹੀਨਿਆਂ ਦੀਆਂ ਸੇਵਾਵਾਂ ਵੀ ਸ਼ਾਮਲ ਹਨ।
ਇਹ ਦਸਤਾਨੇ ਆਮ ਪੁਲਿਸ ਦਸਤਾਨਿਆਂ ਵਾਂਗ ਪਹਿਨੇ ਜਾ ਸਕਦੇ ਹਨ, ਪਰ ਇੱਕ ਬਟਨ ਦਬਾਉਣ ਨਾਲ ਇਨ੍ਹਾਂ ਵਿਚ ਬਿਜਲੀ ਦਾ ਮੋਡ ਚਾਲੂ ਹੋ ਜਾਂਦਾ ਹੈ। ਜਦੋਂ ਇਹ ਦਸਤਾਨੇ ਕਿਸੇ ਵਿਅਕਤੀ ਦੀ ਚਮੜੀ ਨਾਲ ਲਗਾਏ ਜਾਂਦੇ ਹਨ, ਤਾਂ ਉਸ ਨੂੰ ਦਰਦਨਾਕ ਬਿਜਲੀ ਦਾ ਝਟਕਾ ਲੱਗ ਸਕਦਾ ਹੈ।ਆਈਸ ਦਾ ਕਹਿਣਾ ਹੈ ਕਿ ਇਹ ਦਸਤਾਨੇ ਉਨ੍ਹਾਂ ਹਾਲਾਤਾਂ ਵਿਚ ਵਰਤੇ ਜਾਣਗੇ, ਜਿੱਥੇ ਕੋਈ ਵਿਅਕਤੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਿਹਾ ਹੋਵੇ, ਹਿਰਾਸਤ ਵਿਚ ਲਿਆ ਗਿਆ ਵਿਅਕਤੀ ਕਾਬੂ ਤੋਂ ਬਾਹਰ ਹੋਵੇ ਜਾਂ ਕਿਸੇ ਡਿਟੈਨਸ਼ਨ ਸੈਂਟਰ ਦੇ ਬਾਹਰ ਭੀੜ ਨੂੰ ਕਾਬੂ ਕਰਨ ਦੀ ਲੋੜ ਪਵੇ। ਏਜੰਸੀ ਮੁਤਾਬਕ ਇਸ ਤਕਨੀਕ ਦਾ ਮਕਸਦ ਗੋਲੀ ਜਾਂ ਹੋਰ ਵੱਧ ਸਖ਼ਤ ਤਾਕਤ ਵਰਤਣ ਦੀ ਲੋੜ ਘਟਾਉਣਾ ਹੈ।
ਪਰ ਇਸ ਫੈਸਲੇ ਦਾ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਅਤੇ ਨਾਗਰਿਕ ਅਧਿਕਾਰ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਨੇਵਾਡਾ ਦੀ ਸੈਨੇਟਰ ਕੈਥਰੀਨ ਕੋਰਟੇਜ਼ ਮਾਸਟੋ ਸਮੇਤ 16 ਡੈਮੋਕ੍ਰੇਟਿਕ ਸੈਨੇਟਰਾਂ ਨੇ ਆਈਸ ਨੂੰ ਪੱਤਰ ਲਿਖ ਕੇ ਇਹ ਖਰੀਦ ਰੱਦ ਕਰਨ ਦੀ ਮੰਗ ਕੀਤੀ ਹੈ।
ਸੈਨੇਟਰਾਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਅਧਿਕਾਰੀਆਂ ਨੂੰ ਦਸਤਾਨਿਆਂ ਦੀ ਵਰਤੋਂ ਬਾਰੇ ਕਿਹੜੀ ਸਿਖਲਾਈ ਦਿੱਤੀ ਜਾਵੇਗੀ, ਕਿਹੜੀਆਂ ਸਥਿਤੀਆਂ ਵਿਚ ਝਟਕਾ ਦੇਣ ਦੀ ਇਜਾਜ਼ਤ ਹੋਵੇਗੀ ਅਤੇ ਗਲਤ ਵਰਤੋਂ ਨੂੰ ਕਿਵੇਂ ਰੋਕਿਆ ਜਾਵੇਗਾ।
ਦੂਜੇ ਪਾਸੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਖਰੀਦ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਅਧਿਕਾਰੀਆਂ ਦੀ ਸੁਰੱਖਿਆ ਲਈ ਲੋੜੀਂਦਾ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਸਵਾਲ ਇਹ ਹੈ ਕਿ ਸੁਰੱਖਿਆ ਅਤੇ ਤਾਕਤ ਦੀ ਵਰਤੋਂ ਵਿਚਕਾਰ ਹੱਦ ਕਿੱਥੇ ਤੈਅ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button