
ਕਾਂਗਰਸ ਆਗੂ ਸੋਨੀਆ ਗਾਂਧੀ ਦੀ ਪ੍ਰਸਤਾਵਤ ਕਿਤਾਬ ‘ਬਿਲਾਂਗਿੰਗ: ਅ ਜਰਨੀ ਆਫ਼ ਲਵ’ ਦੇ ਭਾਰਤ ਵਿਚ ਪ੍ਰਕਾਸ਼ਨ ਨੂੰ ਲੈ ਕੇ ਦੁਚਿੱਤੀ ਡੂੰਘੀ ਹੋ ਗਈ ਹੈ। ਪੇਂਗੁਇਨ ਰੈਂਡਮ ਹਾਊਸ ਇੰਡੀਆ (ਪੀਆਰਐੱਚਆਈ) ਨੇ ਸਪੱਸ਼ਟ ਕੀਤਾ ਕਿ ਉਹ ਇਸ ਕਿਤਾਬ ਦਾ ਭਾਰਤ ਵਿਚ ਪ੍ਰਕਾਸ਼ਨ ਨਹੀਂ ਕਰ ਰਿਹਾ ਹੈ। ਇਹ ਬਿਆਨ ਇਸ ਦੀ ਅਮਰੀਕੀ ਸਹਿਯੋਗੀ ਪ੍ਰਕਾਸ਼ਨ ਸੰਸਥਾ ਅਲਫ੍ਰੇਡ ਏ. ਨੌਫ਼ ਦੇ 18 ਅਗਸਤ ਦੇ ਉਸ ਐਲਾਨ ਤੋਂ ਕੁਝ ਹਫ਼ਤਿਆਂ ਬਾਅਦ ਆਇਆ ਹੈ, ਜਿਸ ਵਿਚ ਕਿਤਾਬ ਨੂੰ 10 ਨਵੰਬਰ ਨੂੰ ਜਾਰੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ।
ਪੀਆਰਐੱਚਆਈ ਨੇ ਕਿਹਾ ਕਿ ਉਹ ਭਾਰਤ ਵਿਚ ‘ਬਿਲਾਂਗਿੰਗ’ ਦਾ ਪ੍ਰਕਾਸ਼ਕ ਨਹੀਂ ਹੈ। ਨਾਲ ਹੀ, ਇਹ ਧਾਰਨਾ ਵੀ ਸਹੀ ਨਹੀਂ ਹੈ ਕਿ ਉਸ ਵੱਲੋਂ ਸੁਝਾਏ ਗਏ ਸੰਪਾਦਕੀ ਬਦਲਾਵਾਂ ਨੂੰ ਲੇਖਿਕਾ ਵੱਲੋਂ ਸਵੀਕਾਰ ਕਰਨ ਤੋਂ ਇਨਕਾਰ ਕਰਨ ਕਰ ਕੇ ਕਿਤਾਬ ਬਾਰੇ ਫ਼ੈਸਲਾ ਬਦਲਿਆ ਹੈ। ਪ੍ਰਕਾਸ਼ਕ ਨੇ ਕਿਹਾ ਕਿ ਉਹ ਕਿਤਾਬ ਦੇ ਪ੍ਰਕਾਸ਼ਨ ਨੂੰ ਲੈ ਕੇ ਇੱਛੁਕ ਅਤੇ ਗੰਭੀਰ ਸੀ। ਲੇਖਕਾਂ ਦੀਆਂ ਹੱਥ-ਲਿਖਤਾਂ ਦੀ ਤੱਥ-ਜਾਂਚ ਕਰਨਾ ਅਤੇ ਜ਼ਰੂਰੀ ਸੁਝਾਅ ਦੇਣਾ ਪ੍ਰਕਾਸ਼ਨ ਪ੍ਰਕਿਰਿਆ ਦਾ ਆਮ ਹਿੱਸਾ ਹੈ।
ਪ੍ਰਕਾਸ਼ਕ ਨੇ ਕਿਹਾ ਕਿ ਲੇਖਿਕਾ ਨਾਲ ਹੋਈ ਗੁਪਤ ਗੱਲਬਾਤ ’ਤੇ ਉਹ ਕੋਈ ਟਿੱਪਣੀ ਨਹੀਂ ਕਰੇਗਾ। ਹਾਲਾਂਕਿ, ਭਾਰਤ ਵਿਚ ਕਿਤਾਬ ਦੀ ਵੰਡ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਐਮਾਜ਼ੋਨ ’ਤੇ ਇਸ ਦਾ ਈ-ਬੁੱਕ ਸੰਸਕਰਣ 2,615 ਰੁਪਏ ਵਿਚ ਪ੍ਰੀ-ਆਰਡਰ ਲਈ ਉਪਲਬਧ ਹੈ। ਵੈੱਬਸਾਈਟ ਅਨੁਸਾਰ ਈ-ਬੁੱਕ ਹਾਰਪਰਕੋਲਿਨਜ਼ ਯੂਕੇ ਦੇ ਇੰਪ੍ਰਿੰਟ ਵਿਲੀਅਮ ਕੋਲਿਨਜ਼ ਵੱਲੋਂ ਪ੍ਰਕਾਸ਼ਤ ਕੀਤੀ ਜਾਵੇਗੀ।
ਨੌਫ਼ ਅਨੁਸਾਰ, 79 ਸਾਲਾ ਸੋਨੀਆ ਗਾਂਧੀ ਇਸ ਯਾਦਾਂ ਦੀ ਕਿਤਾਬ ਵਿਚ ਜੰਗ ਤੋਂ ਬਾਅਦ ਦੇ ਇਟਲੀ ਵਿਚ ਆਪਣੇ ਬਚਪਨ, ਭਾਰਤ ਆਉਣ ਦੀ ਪ੍ਰੇਮ ਕਹਾਣੀ, ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਰਾਜਨੀਤੀ ਵਿਚ ਆਉਣ, 2004 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਵਰਗੇ ਪ੍ਰਸੰਗਾਂ ਬਾਰੇ ਗੱਲ ਕਰਨਗੇ। ਇਸ ਮਾਮਲੇ ਵਿਚ ਪੱਤਰਕਾਰ ਵੀਰ ਸਾਂਘਵੀ ਨੇ ਐਕਸ ’ਤੇ ਲਿਖਿਆ ਕਿ ਪੇਂਗੁਇਨ ਇੰਡੀਆ ਦਾ ਬਿਆਨ ਕਾਫ਼ੀ ਉਲਝਣ ਭਰਿਆ ਹੈ। ਪੇਂਗੁਇਨ ਇੰਡੀਆ ਉਸੇ ਸਮੂਹ ਦੀ ਮਲਕੀਅਤ ਹੈ, ਜਿਸ ਕੋਲ ਇਸ ਕਿਤਾਬ ਦੇ ਕੌਮਾਂਤਰੀ ਪ੍ਰਕਾਸ਼ਕ ਨੌਫ਼ ਦੀ ਵੀ ਮਾਲਕੀ ਹੈ। ਨੌਫ਼ ਇਸ ਕਿਤਾਬ ਨੂੰ ਉਨ੍ਹਾਂ ਸੰਪਾਦਕੀ ‘ਸੁਝਾਆਂ’ ਤੋਂ ਬਿਨਾਂ ਪ੍ਰਕਾਸ਼ਤ ਕਰਨ ’ਚ ਪੂਰੀ ਤਰ੍ਹਾਂ ਸਹਿਜ ਹੈ, ਜਿਨ੍ਹਾਂ ਨੂੰ ਪੇਂਗੁਇਨ ਇੰਡੀਆ ਆਪਣਾ ‘ਖ਼ਾਸ ਅਧਿਕਾਰ’ ਦੱਸ ਰਿਹਾ ਹੈ। ਸਮੱਸਿਆ ਸਿਰਫ਼ ਭਾਰਤੀ ਸੰਸਕਰਣ ਅਤੇ ਪੇਂਗੁਇਨ ਇੰਡੀਆ ਤੱਕ ਸੀਮਤ ਨਜ਼ਰ ਆਉਂਦੀ ਹੈ। ਪੇਂਗੁਇਨ ਦੇ ਇਸ ਵਿਵਹਾਰ ਦੀ ਸਪੱਸ਼ਟ ਵਜ੍ਹਾ ਤੋਂ ਇਲਾਵਾ ਮੈਨੂੰ ਕੋਈ ਦੂਜੀ ਵਿਆਖਿਆ ਸਮਝ ਨਹੀਂ ਆਉਂਦੀ। ਕੀ ਮੈਂ ਗਲਤ ਹਾਂ? ਸੰਭਵ ਹੈ ਪਰ ਪੇਂਗੁਇਨ ਇੰਡੀਆ ਦਾ ਇਹ ਟਾਲਮਟੋਲ ਭਰਿਆ ਅਸਪੱਸ਼ਟ ਬਿਆਨ ਕੋਈ ਵਿਕਲਪਿਕ ਵਜ੍ਹਾ ਸਾਹਮਣੇ ਨਹੀਂ ਰੱਖਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




