CIA ਮੁਖੀ ਜੌਨ ਰੈਟਕਲਿਫ ਦੀ ਗੁਪਤ ਰੂਸ ਯਾਤਰਾ ਨਾਲ ਹਲਚਲ, ਮਾਸਕੋ ‘ਚ ਖੁਫੀਆ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਅਮਰੀਕੀ ਖੁਫੀਆ ਏਜੰਸੀ CIA ਦੇ ਡਾਇਰੈਕਟਰ ਜੌਨ ਰੈਟਕਲਿਫ ਨੇ ਹਾਲ ਹੀ ‘ਚ ਰੂਸ ਦੀ ਗੁਪਤ ਯਾਤਰਾ ਕੀਤੀ, ਜਿਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਹਲਚਲ ਮਚ ਗਈ ਹੈ। ਉਨ੍ਹਾਂ ਦੀ ਇਸ ਯਾਤਰਾ ਨੂੰ ਬੇਹੱਦ ਗੁਪਤ ਰੱਖਿਆ ਗਿਆ। ਰੂਸੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਰੈਟਕਲਿਫ ਦੀ ਯਾਤਰਾ ਬਾਰੇ ਪੁਸ਼ਟੀ ਕੀਤੀ।ਅਮਰੀਕੀ ਖੁਫੀਆ ਏਜੰਸੀ CIA ਦੇ ਡਾਇਰੈਕਟਰ ਜੌਨ ਰੈਟਕਲਿਫ ਦੀ ਰੂਸ ਦੀ ਗੁਪਤ ਯਾਤਰਾ ਦੀ ਗੱਲ ਸਾਹਮਣੇ ਆਈ ਹੈ, ਜਿਸਤੋਂ ਮਗਰੋਂ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਤੇਜ਼ ਹੋ ਗਈ ਹੈ। ਰੈਟਕਲਿਫ 25 ਅਗਸਤ, ਮੰਗਲਵਾਰ ਨੂੰ ਮਾਸਕੋ ਪਹੁੰਚੇ ਸਨ। ਉਨ੍ਹਾਂ ਦੇ ਦੌਰੇ ਬਾਰੇ ਪਹਿਲਾਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮਾਸਕੋ ਦੇ ਇੱਕ ਹਵਾਈ ਅੱਡੇ ‘ਤੇ ਅਮਰੀਕਾ ਦਾ C-17 ਮਿਲਟਰੀ ਜਹਾਜ਼ ਅਤੇ ਇਸ ਤੋਂ ਬਾਅਦ ਅਮਰੀਕੀ ਡਿਪਲੋਮੈਟਿਕ ਕਾਫ਼ਲਾ ਨਜ਼ਰ ਆਇਆ। ਇਹ ਰੈਟਕਲਿਫ ਦੀ CIA ਮੁਖੀ ਵਜੋਂ ਰੂਸ ਦੀ ਪਹਿਲੀ ਅਜਿਹੀ ਯਾਤਰਾ ਦੱਸੀ ਜਾ ਰਹੀ ਹੈ, ਜਿਸ ਨੂੰ ਬੇਹੱਦ ਗੁਪਤ ਰੱਖਿਆ ਗਿਆ।
ਰੂਸੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਰੈਟਕਲਿਫ ਦੀ ਯਾਤਰਾ ਬਾਰੇ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ CIA ਮੁਖੀ ਨੇ ਰੂਸ ਦੇ ਖੁਫੀਆ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਪਰ ਰਾਸ਼ਟਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਮੁਤਾਬਕ, ਪੁਤਿਨ ਨੂੰ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਗਈ ਸੀ।ਰੈਟਕਲਿਫ ਦਾ ਦੌਰਾ ਇੰਨਾ ਗੁਪਤ ਰੱਖਿਆ ਗਿਆ ਕਿ ਇਸ ਬਾਰੇ ਜਾਣਕਾਰੀ ਜਨਤਕ ਨਹੀਂ ਹੋਣ ਦਿੱਤੀ ਗਈ। ਇਸ ਕਾਰਨ ਉਨ੍ਹਾਂ ਦੀ ਯਾਤਰਾ ਦੇ ਅਸਲ ਮਕਸਦ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਰਿਪੋਰਟਾਂ ਮੁਤਾਬਕ, ਰੈਟਕਲਿਫ ਦੀ ਮਾਸਕੋ ਯਾਤਰਾ ਦੇ ਮੁੱਖ ਮਕਸਦ ਰੂਸ ਨੂੰ NATO ਦੇਸ਼ਾਂ ਖ਼ਿਲਾਫ਼ ਕਿਸੇ ਵੀ ਉਕਸਾਵੇ ਵਾਲੀ ਕਾਰਵਾਈ ਤੋਂ ਬਚਣ ਦੀ ਚੇਤਾਵਨੀ ਦੇਣਾ ਹੋ ਸਕਦਾ ਹੈ। ਅਮਰੀਕੀ ਖੁਫੀਆ ਮੁਲਾਂਕਣਾਂ ਵਿੱਚ ਇਹ ਚਿੰਤਾ ਜਤਾਈ ਗਈ ਹੈ ਕਿ ਰੂਸ ਸਿੱਧੇ ਯੁੱਧ ਤੋਂ ਹੇਠਲੇ ਪੱਧਰ ਦੀਆਂ ਅਜਿਹੀਆਂ ਕਾਰਵਾਈਆਂ ਕਰ ਸਕਦਾ ਹੈ, ਜਿਨ੍ਹਾਂ ਰਾਹੀਂ ਉਹ NATO ਦੀ ਏਕਤਾ ਅਤੇ ਅਮਰੀਕਾ ਦੇ ਜਵਾਬ ਨੂੰ ਪਰਖਣ ਦੀ ਕੋਸ਼ਿਸ਼ ਕਰੇ।
ਯੂਰਪ ਵਿੱਚ ਰੂਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਅਮਰੀਕਾ ਦੀ ਚਿੰਤਾ ਪਿਛਲੇ ਕੁਝ ਸਮੇਂ ਦੌਰਾਨ ਵਧੀ ਹੈ। ਰੋਮਾਨੀਆ ਵਿੱਚ ਡਰੋਨ ਦਾਖਲ ਹੋਣ ਅਤੇ ਪੋਲੈਂਡ ਨਾਲ ਜੁੜੀਆਂ ਰੂਸੀ ਮਿਸਾਈਲ ਘਟਨਾਵਾਂ ਨੇ NATO ਦੀ ਸੁਰੱਖਿਆ ਨੂੰ ਲੈ ਕੇ ਤਣਾਅ ਹੋਰ ਵਧਾਇਆ ਹੈ।
ਰੈਟਕਲਿਫ ਅਤੇ ਰੂਸੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਵਿੱਚ ਈਰਾਨ ਅਤੇ ਹੋਰਮੁਜ਼ ਸਟ੍ਰੇਟ ਦਾ ਮੁੱਦਾ ਵੀ ਉੱਠਣ ਦੀਆਂ ਰਿਪੋਰਟਾਂ ਹਨ। ਦੱਸਿਆ ਜਾ ਰਿਹਾ ਹੈ ਕਿ ਰੈਟਕਲਿਫ ਨੇ ਕਥਿਤ ਤੌਰ ‘ਤੇ ਸੰਕੇਤ ਦਿੱਤਾ ਕਿ ਜੇਕਰ ਹੋਰਮੁਜ਼ ਸਟ੍ਰੇਟ ਵਿੱਚ ਜਹਾਜ਼ਾਂ ਦੀ ਆਵਾਜਾਈ ਆਮ ਨਹੀਂ ਹੁੰਦੀ ਤਾਂ ਅਮਰੀਕਾ ਈਰਾਨ ‘ਤੇ ਹੋਰ ਸਖ਼ਤ ਪਾਬੰਦੀਆਂ ਲਗਾ ਸਕਦਾ ਹੈ। ਹਾਲਾਂਕਿ, ਇਨ੍ਹਾਂ ਦਾਅਵਿਆਂ ਬਾਰੇ ਅਮਰੀਕੀ ਪੱਖ ਵੱਲੋਂ ਹੁਣ ਤੱਕ ਵਿਸਥਾਰ ਨਾਲ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਟਕਲਿਫ ਦੀ ਰੂਸ ਯਾਤਰਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਸ ਦੌਰੇ ਨੂੰ ‘ਸੈਮੀ-ਰੂਟੀਨ’ ਯਾਤਰਾ ਕਰਾਰ ਦਿੱਤਾ। ਟਰੰਪ ਮੁਤਾਬਕ, ਰੈਟਕਲਿਫ ਦਾ ਇਹ ਦੌਰਾ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਕੁਝ ਤਰੱਕੀ ਦਾ ਰਾਹ ਖੋਲ੍ਹ ਸਕਦਾ ਹੈ। ਦੂਜੇ ਪਾਸੇ, CIA ਨੇ ਅਜੇ ਤੱਕ ਰੈਟਕਲਿਫ ਦੀ ਯਾਤਰਾ ਦੇ ਮਕਸਦ ਬਾਰੇ ਕੋਈ ਵਿਸਥਾਰਤ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ। ਇਸੇ ਕਰਕੇ ਮਾਸਕੋ ਦੇ ਇਸ ਗੁਪਤ ਦੌਰੇ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




