
ਚੰਡੀਗੜ੍ਹ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਖੰਡ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਲੋੜ ਪੂਰੀ ਕਰਨ ਲਈ ਖੰਡ ਦਾ ਕਾਫ਼ੀ ਭੰਡਾਰ ਮੌਜੂਦ ਹੈ ਅਤੇ ਆਮ ਖਪਤਕਾਰਾਂ ਨੂੰ ਇਸ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਫਵਾਹ ਕਾਰਨ ਲੋਕਾਂ ਵਿੱਚ ਬੇਵਜ੍ਹਾ ਡਰ ਪੈਦਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅਧਿਕਾਰੀਆਂ ਨੂੰ ਬਾਜ਼ਾਰ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖਣ ਅਤੇ ਜਿੱਥੇ ਵੀ ਗੜਬੜ ਨਜ਼ਰ ਆਵੇ, ਤੁਰੰਤ ਕਾਰਵਾਈ ਕਰਨ ਲਈ ਕਿਹਾ
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਖੰਡ ਦੀ ਕਮੀ ਪੈਦਾ ਕਰਨ ਜਾਂ ਨਕਲੀ ਤੌਰ ’ਤੇ ਇਸ ਦੀ ਉਪਲਬਧਤਾ ਘਟਾਉਣ ਦੀ ਕੋਸ਼ਿਸ਼ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਖੰਡ ਦੇ ਵਪਾਰ ਨਾਲ ਜੁੜੇ ਕਾਰੋਬਾਰੀਆਂ ਅਤੇ ਵੱਡੇ ਸਟਾਕ ਵਾਲੀਆਂ ਇਕਾਈਆਂ ਦੀ ਜਾਂਚ ਕਰਨ ਲਈ ਕਿਹਾ। ਸਰਕਾਰ ਦਾ ਧਿਆਨ ਇਸ ਗੱਲ ’ਤੇ ਹੈ ਕਿ ਮਾਰਕੀਟ ਵਿੱਚ ਲੋੜ ਅਨੁਸਾਰ ਖੰਡ ਪਹੁੰਚਦੀ ਰਹੇ ਅਤੇ ਕੋਈ ਵੀ ਵਿਅਕਤੀ ਗੈਰ-ਵਾਜਬ ਮੁਨਾਫ਼ੇ ਲਈ ਸਟਾਕ ਰੋਕ ਕੇ ਨਾ ਰੱਖ ਸਕੇ।
ਮੁੱਖ ਮੰਤਰੀ ਨੇ ਖੰਡ ਮਿੱਲਾਂ ਵਿੱਚ ਮੌਜੂਦ ਸਟਾਕ ਦੀ ਭੌਤਿਕ ਤਸਦੀਕ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਿਰਫ਼ ਕਾਗਜ਼ਾਂ ਵਿੱਚ ਦਰਜ ਅੰਕੜਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਅਸਲ ਸਟਾਕ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਖੰਡ ਲਈ ਲਾਗੂ ਸਟਾਕ ਹੱਦਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਫੂਡ ਸਟਾਕ ਮਾਨੀਟਰਿੰਗ ਪੋਰਟਲ ’ਤੇ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ
ਸਰਕਾਰ ਨੇ ਵੱਡੀ ਮਾਤਰਾ ਵਿੱਚ ਖੰਡ ਖਰੀਦਣ ਵਾਲੇ ਥੋਕ ਖਪਤਕਾਰਾਂ ਨੂੰ ਵੀ ਨਿਗਰਾਨੀ ਦੇ ਘੇਰੇ ਵਿੱਚ ਰੱਖਿਆ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਟਾਕ ਸੀਮਾ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ। ਹਫ਼ਤਾਵਾਰ ਰਿਪੋਰਟਿੰਗ ਰਾਹੀਂ ਬਾਜ਼ਾਰ ਵਿੱਚ ਆ ਰਹੇ ਅਤੇ ਵਿਕਣ ਵਾਲੇ ਸਟਾਕ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ, ਤਾਂ ਜੋ ਕਿਸੇ ਵੀ ਅਸਧਾਰਨ ਹਲਚਲ ਦਾ ਤੁਰੰਤ ਪਤਾ ਲੱਗ ਸਕੇ।
ਮੁੱਖ ਮੰਤਰੀ ਨੇ ਦੱਸਿਆ ਕਿ 2025-26 ਦੌਰਾਨ ਮੌਸਮੀ ਹਾਲਾਤਾਂ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਗੰਨੇ ਦੇ ਉਤਪਾਦਨ ’ਤੇ ਅਸਰ ਪਿਆ ਹੈ। ਇਸ ਕਾਰਨ ਖੰਡ ਉਤਪਾਦਨ ਵਿੱਚ ਕਮੀ ਆਈ ਹੈ, ਪਰ ਉਨ੍ਹਾਂ ਮੁਤਾਬਕ ਪੰਜਾਬ ਵਿੱਚ ਮੌਜੂਦਾ ਭੰਡਾਰ ਲੋੜ ਪੂਰੀ ਕਰਨ ਲਈ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਸਪਲਾਈ ਚੇਨ ਨੂੰ ਨਿਰਵਿਘਨ ਬਣਾਈ ਰੱਖਣ ਵਾਸਤੇ ਹਰ ਲੋੜੀਂਦਾ ਕਦਮ ਚੁੱਕੇਗੀ।ਭਗਵੰਤ ਮਾਨ ਨੇ ਕਿਹਾ ਕਿ ਖੰਡ ਦੀ ਉਪਲਬਧਤਾ ਬਾਰੇ ਗਲਤ ਜਾਣਕਾਰੀ ਫੈਲਣ ਨਾਲ ਬਾਜ਼ਾਰ ਵਿੱਚ ਬੇਲੋੜੀ ਘਬਰਾਹਟ ਪੈਦਾ ਹੋ ਸਕਦੀ ਹੈ। ਇਸ ਲਈ ਸਰਕਾਰੀ ਤੰਤਰ ਨੂੰ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਕੀਮਤਾਂ ਅਤੇ ਸਪਲਾਈ ’ਤੇ ਨਿਗਰਾਨੀ ਰੱਖਣੀ ਹੋਵੇਗੀ। ਬੈਠਕ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਸਹਿਕਾਰਤਾ ਸਕੱਤਰ ਅਜੀਤ ਬਾਲਾਜੀ ਜੋਸ਼ੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




