
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਧਾਰਮਿਕ ਸਥਾਨਾਂ ’ਤੇ ਸਿੱਖਾਂ ਦੇ ਆਪਸੀ ਕਲੇਸ਼ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਘਰ ਉਹ ਅਸਥਾਨ ਹਨ, ਜਿੱਥੇ ਹਰ ਵਿਅਕਤੀ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਆਉਂਦਾ ਹੈ। ਅਜਿਹੇ ਸਥਾਨਾਂ ’ਤੇ ਆਪਸੀ ਵਿਵਾਦ ਅਤੇ ਟਕਰਾਅ ਦੀਆਂ ਘਟਨਾਵਾਂ ਸਮੁੱਚੇ ਸਿੱਖ ਸਮਾਜ ਲਈ ਮੰਦਭਾਗੀਆਂ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਕਿਹਾ ਕਿ ‘ਗੁਰੂ ਸਾਹਿਬਾਨ ਦੇ ਸਿਧਾਂਤ ਸਾਨੂੰ ਆਪਸੀ ਪਿਆਰ, ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹਨ। ਗੁਰੂ ਘਰ ਸਾਰਿਆਂ ਨੂੰ ਆਪਣੀ ਗਲਵੱਕੜੀ ਵਿੱਚ ਲੈਂਦਾ ਹੈ, ਇਸ ਲਈ ਇੱਥੇ ਸਿੱਖਾਂ ਦਾ ਇੱਕ-ਦੂਜੇ ਨਾਲ ਕਲੇਸ਼ ਕਰਨਾ ਠੀਕ ਸੰਦੇਸ਼ ਨਹੀਂ ਦਿੰਦਾ। ਧਾਰਮਿਕ ਸਥਾਨਾਂ ’ਤੇ ਲੋਕ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਆਉਂਦੇ ਹਨ। ਇਸ ਲਈ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।’
ਧਾਮੀ ਨੇ ਕਿਹਾ ਕਿ ‘ਇਸ ਸਬੰਧੀ ਇਹ ਵੀ ਦੇਖਣ ਦੀ ਲੋੜ ਹੈ ਕਿ ਕਿਤੇ ਕੇਂਦਰ ਸਰਕਾਰ ਜਾਂ ਪੁਲਿਸ ਵੱਲੋਂ ਧਾਰਮਿਕ ਮਾਮਲਿਆਂ ਵਿੱਚ ਬੇਲੋੜਾ ਦਖਲ ਤਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ SGPC ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਵੀ ਹੋਣੀ ਹੈ, ਜਿਸ ਵਿੱਚ ਪੰਥ ਨਾਲ ਸਬੰਧਤ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ।’ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ SGPC ਪ੍ਰਧਾਨ ਨੇ ਕਿਹਾ ਕਿ ‘ਇਹ ਸਮੁੱਚੇ ਖਾਲਸਾ ਪੰਥ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।’ ਇਸ ਮਾਮਲੇ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੂੰ ਗੰਭੀਰਤਾ ਨਾਲ ਫੈਸਲਾ ਲੈਣਾ ਚਾਹੀਦਾ ਹੈ। ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਮਾਮਲੇ ਬਾਰੇ ਧਾਮੀ ਨੇ ਕਿਹਾ ਕਿ ‘ਜੇਕਰ ਸਿਹਤ ਅਤੇ ਮਨੁੱਖੀ ਪੱਖ ਨੂੰ ਦੇਖਦਿਆਂ ਪੈਰੋਲ ਦੀ ਲੋੜ ਹੈ ਤਾਂ ਇਸ ਵਿੱਚ ਕੋਈ ਅੜਿੱਕਾ ਨਹੀਂ ਹੋਣਾ ਚਾਹੀਦਾ। ਜਿੰਨੇ ਦਿਨਾਂ ਦੀ ਪੈਰੋਲ ਕਾਨੂੰਨ ਮੁਤਾਬਕ ਬਣਦੀ ਹੈ, ਉਹ ਦਿੱਤੀ ਜਾਣੀ ਚਾਹੀਦੀ ਹੈ।’
ਇਸ ਤੋਂ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਮਸਲੇ ਬਾਰੇ ਧਾਮੀ ਨੇ ਦੱਸਿਆ ਕਿ ‘ਕਰਤਾਰਪੁਰ ਸਾਹਿਬ ਲਾਂਘਾ ਬੰਦ ਹੋਣ ਕਾਰਨ ਸੰਗਤ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। SGPC ਕੋਲ ਲੱਗਭੱਗ 7500 ਪਾਸਪੋਰਟ ਆਏ ਹਨ ਅਤੇ ਇਸ ਵੇਲੇ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਰੋਕੀ ਗਈ ਹੈ। ਜਿਹੜੇ ਸ਼ਰਧਾਲੂ ਵੀਜ਼ਿਆਂ ਲਈ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਨੂੰ ਵੀਜ਼ੇ ਜਾਰੀ ਕੀਤੇ ਜਾਣ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ।’
ਧਾਮੀ ਨੇ ਕਿਹਾ ਕਿ ‘ਅਧਿਕਾਰੀਆਂ ਵੱਲੋਂ ਇਸ ਸਬੰਧੀ ਭਰੋਸਾ ਵੀ ਦਿੱਤਾ ਗਿਆ ਹੈ। SGPC ਵੱਲੋਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਹੂਲਤਾਂ ਨਾਲ ਜੁੜੇ ਇਨ੍ਹਾਂ ਮਾਮਲਿਆਂ ਨੂੰ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਦੇ ਸਾਹਮਣੇ ਉਠਾਇਆ ਜਾਂਦਾ ਰਹੇਗਾ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




