PunjabTop News

ਪੰਜਾਬ ’ਚ ਸੈਕਿੰਡ ਹੈਂਡ ਗੱਡੀਆਂ ਦੇ ਕਾਰੋਬਾਰ ’ਤੇ ਸਖ਼ਤੀ ਦੀ ਤਿਆਰੀ, ਡੀਲਰਾਂ ਲਈ ਲਾਇਸੈਂਸ ਹੋਵੇਗਾ ਲਾਜ਼ਮੀ

 ਚੰਡੀਗੜ੍ਹ: ਪੰਜਾਬ ਵਿੱਚ ਸੈਕਿੰਡ ਹੈਂਡ ਵਾਹਨਾਂ ਦੇ ਕਰੋੜਾਂ ਰੁਪਏ ਦੇ ਬੇਨਿਯਮਿਤ ਕਾਰੋਬਾਰ ਨੂੰ ਵਿਵਸਥਿਤ ਅਤੇ ਜਵਾਬਦੇਹ ਬਣਾਉਣ ਲਈ ਟਰਾਂਸਪੋਰਟ ਵਿਭਾਗ ਨੇ ਵੱਡੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵੱਲੋਂ ਇੱਕ ਵਿਆਪਕ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੁਰਾਣੀਆਂ ਗੱਡੀਆਂ ਦੀ ਖਰੀਦ-ਫਰੋਖ਼ਤ ਕਰਨ ਵਾਲੇ ਹਰ ਡੀਲਰ ਲਈ ਸਰਕਾਰੀ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਪ੍ਰਸਤਾਵਿਤ ਨੀਤੀ ਤਹਿਤ ਕਾਰ, ਜੀਪ, SUV, ਟਰੱਕ, ਬੱਸ, ਆਟੋ, ਟਰੈਕਟਰ ਅਤੇ ਦੋਪਹੀਆ ਵਾਹਨਾਂ ਸਮੇਤ ਕਿਸੇ ਵੀ ਪੁਰਾਣੇ ਵਾਹਨ ਦੀ ਖਰੀਦ-ਫਰੋਖ਼ਤ ਕਰਨ ਵਾਲੇ ਡੀਲਰ ਨੂੰ ਲਾਇਸੈਂਸ ਲੈਣਾ ਪਵੇਗਾ। ਬਿਨਾਂ ਲਾਇਸੈਂਸ ਇਸ ਕਾਰੋਬਾਰ ਨੂੰ ਚਲਾਉਣ ’ਤੇ ਰੋਕ ਹੋਵੇਗੀ।
ਮੌਜੂਦਾ ਸਮੇਂ ਪੰਜਾਬ ਵਿੱਚ ਸੈਕਿੰਡ ਹੈਂਡ ਵਾਹਨਾਂ ਦੇ ਡੀਲਰਾਂ ਲਈ ਕੋਈ ਵੱਖਰਾ ਲਾਇਸੈਂਸਿੰਗ ਪ੍ਰਬੰਧ ਨਹੀਂ ਹੈ। ਇਸ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਕੋਲ ਗੈਰ-ਕਾਨੂੰਨੀ ਖਰੀਦ-ਫਰੋਖ਼ਤ, ਧੋਖਾਧੜੀ ਅਤੇ ਚੋਰੀ ਦੇ ਵਾਹਨਾਂ ਨਾਲ ਸਬੰਧਤ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ।ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਖਰੀਦਦਾਰ, ਵਿਕਰੇਤਾ ਅਤੇ ਡੀਲਰ ਵਿਚਾਲੇ ਕਾਨੂੰਨੀ ਸਮਝੌਤਾ ਕਰਨਾ ਲਾਜ਼ਮੀ ਹੋ ਸਕਦਾ ਹੈ। ਜੇਕਰ ਭਵਿੱਖ ਵਿੱਚ ਕੋਈ ਵਾਹਨ ਚੋਰੀ ਦਾ ਨਿਕਲਦਾ ਹੈ ਜਾਂ ਉਸ ਦੇ ਦਸਤਾਵੇਜ਼ ਜਾਅਲੀ ਪਾਏ ਜਾਂਦੇ ਹਨ ਤਾਂ ਡੀਲਰ ਵੀ ਆਪਣੀ ਕਾਨੂੰਨੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕੇਗਾ। ਪ੍ਰਸਤਾਵਿਤ ਨੀਤੀ ਤਹਿਤ ਡੀਲਰਾਂ ਦੀ ਦੁਕਾਨ ਅਤੇ ਦਫ਼ਤਰ ਦੀ ਫਿਜ਼ੀਕਲ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਗਾਰੰਟੀ ਵਰਗੀਆਂ ਸ਼ਰਤਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਡੀਲਰਾਂ ਨੂੰ ਜ਼ਿਲ੍ਹਾ ਪੱਧਰ ’ਤੇ ਨਾਮਾਤਰ ਫੀਸ ਜਮ੍ਹਾਂ ਕਰਵਾ ਕੇ ਰਜਿਸਟ੍ਰੇਸ਼ਨ ਕਰਵਾਉਣਾ ਪੈ ਸਕਦਾ ਹੈ। ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਡੀਲਰ ਦੇ ਕਾਰੋਬਾਰੀ ਦਸਤਾਵੇਜ਼ਾਂ, ਦਫ਼ਤਰ ਅਤੇ ਦੁਕਾਨ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਫਰਜ਼ੀ ਅਤੇ ਅਸਥਾਈ ਤੌਰ ’ਤੇ ਕਾਰੋਬਾਰ ਕਰਨ ਵਾਲਿਆਂ ’ਤੇ ਨਕੇਲ ਕੱਸੀ ਜਾ ਸਕੇ।ਅੰਦਾਜ਼ੇ ਮੁਤਾਬਕ ਪੰਜਾਬ ਵਿੱਚ ਇਸ ਸਮੇਂ 8,000 ਤੋਂ 10,000 ਛੋਟੇ-ਵੱਡੇ ਸੈਕਿੰਡ ਹੈਂਡ ਵਾਹਨ ਡੀਲਰ ਸਰਗਰਮ ਹਨ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਪਟਿਆਲਾ, ਬਠਿੰਡਾ, ਮੁਕਤਸਰ, ਫਰੀਦਕੋਟ, ਸੰਗਰੂਰ ਅਤੇ ਨਵਾਂਸ਼ਹਿਰ ਇਸ ਕਾਰੋਬਾਰ ਦੇ ਪ੍ਰਮੁੱਖ ਕੇਂਦਰ ਦੱਸੇ ਜਾਂਦੇ ਹਨ। ਪੰਜਾਬ ਵਿੱਚ ਹਰ ਸਾਲ ਕਰੀਬ 5 ਤੋਂ 7 ਲੱਖ ਸੈਕਿੰਡ ਹੈਂਡ ਚਾਰ ਪਹੀਆ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ ਇਸ ਕਾਰੋਬਾਰ ਦਾ ਕੋਈ ਇੱਕਜੁੱਟ ਅਧਿਕਾਰਤ ਸਰਕਾਰੀ ਅੰਕੜਾ ਮੌਜੂਦ ਨਹੀਂ ਹੈ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਅਸਲ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਇਲਾਵਾ OLX ਅਤੇ ਹੋਰ ਆਨਲਾਈਨ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲਗਭਗ 1 ਤੋਂ 1.25 ਲੱਖ ਸੈਕਿੰਡ ਹੈਂਡ ਵਾਹਨਾਂ ਦੀਆਂ ਲਿਸਟਿੰਗਾਂ ਦਿਖਾਈ ਦਿੰਦੀਆਂ ਰਹਿੰਦੀਆਂ ਹਨ।
ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਦਸੰਬਰ 2022 ਵਿੱਚ ਸੈਕਿੰਡ ਹੈਂਡ ਵਾਹਨ ਬਾਜ਼ਾਰ ਲਈ ਨਵੇਂ ਨਿਯਮ ਨੋਟੀਫਾਈ ਕੀਤੇ ਸਨ, ਜਿਨ੍ਹਾਂ ਵਿੱਚ ਡੀਲਰਾਂ ਲਈ ‘ਆਥਰਾਈਜ਼ੇਸ਼ਨ ਸਰਟੀਫਿਕੇਟ’ ਅਤੇ ‘ਅਸਥਾਈ ਮਲਕੀਅਤ’ ਵਰਗੇ ਪ੍ਰਬੰਧ ਕੀਤੇ ਗਏ ਸਨ। ਹੁਣ ਪੰਜਾਬ ਸਰਕਾਰ ਵੀ ਸੈਕਿੰਡ ਹੈਂਡ ਵਾਹਨਾਂ ਦੇ ਕਾਰੋਬਾਰ ਨੂੰ ਨਿਯਮਤ ਕਰਨ ਲਈ ਆਪਣਾ ਸਖ਼ਤ ਅਤੇ ਜਵਾਬਦੇਹ ਰੈਗੂਲੇਟਰੀ ਢਾਂਚਾ ਤਿਆਰ ਕਰਨ ਵੱਲ ਵਧ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button