
ਬਰਨਾਲਾ, 20 ਅਗਸਤ 2026 ‘ਵਿਆਹ ਦੇ ਕਥਿੱਤ ਝਾਂਸਿਆਂ ’ਚ ਆ ਕੇ ਇੱਜਤ ਗੁਆ ਬੈਠੀਆਂ ਵੱਖ-ਵੱਖ ਪਿੰਡਾਂ ਦੀਆਂ ਤਿੰਨ ਲੜਕੀਆਂ ਪੁਲੀਸ ਸੁਣਵਾਈ ’ਚ ਦੇਰੀ ਤੋਂ ਖਫ਼ਾ ਹੋ ਬਰਨਾਲਾ ਅਦਾਲਤੀ ਕੰਪਲੈਕਸ ਬਰਨਾਲਾ ਅੰਦਰਲੀ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹੀਆਂ ਅਤੇ ਮੁਲਜ਼ਮਾਂ ਖਿਲਾਫ਼ ਤੁਰੰਤ ਪਰਚੇ ਦਰਜ ਕਰਨ ਦੀ ਮੰਗ ਕਰਨ ਲੱਗੀਆਂ ਜਿਨ੍ਹਾਂ ਨੂੰ ਹੇਠਾਂ ਉਤਾਰਨ ਲਈ ਪੁਲਿਸ ਨੂੰ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰਨਾ ਪਿਆ। ਇਸ ਤੋਂ ਪਹਿਲਾਂ ਇਹਨਾਂ ਲੜਕੀਆਂ ਦੇ ਅਚਾਨਕ ਟੈਂਕੀ ’ਤੇ ਚੜ੍ਹਨ ਦੀ ਖ਼ਬਰ ਫੈਲਣ ’ਤੇ ਬਰਨਾਲਾ ਪੁਲੀਸ ਨੂੰ ਇੱਕ ਵਾਰ ਤਾਂ ਹੱਥਾਂ-ਪੈਰਾਂ ਦੀ ਪੈ ਗਈ। ਟੈਂਕੀ ’ਤੇ ਚੜ੍ਹੀਆਂ ’ਚੋਂ ਪਹਿਲੀ ਸੰਦੀਪ ਕੌਰ (28) ਵਾਸੀ ਪਿੰਡ ਦੀਵਾਨਾ ਨੇ ਮੀਡੀਆ ਨੂੰ ਮੋਬਾਈਲ ਸੰਪਰਕ ਰਾਹੀਂ ਦੱਸਿਆ ਕਿ 4-5 ਸਾਲ ਤੋਂ ਸਬੰਧਾਂ ’ਚ ਚੱਲ ਰਹੇ ਪਿੰਡ ਸਹੌਲੀ (ਲੁਧਿਆਣਾ) ਵਾਸੀ ਲੜਕੇ ਤਲਵਿੰਦਰ ਸਿੰਘ ਨੇ ਮੰਗਣੀ ਉਪਰੰਤ ਵਿਆਹ ਤੋਂ ਮੁਕਰ ਗਿਆ। ਜਿਸ ਦੇ ਖਿਲਾਫ਼ ਬਰਨਾਲਾ ਪੁਲੀਸ ਕੋਲ 2-3 ਮਹੀਨੇ ਪਹਿਲਾਂ ਦਿੱਤੀ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ।
ਦੂਜੀ ਲੜਕੀ ਊਸ਼ਾ ਰਾਣੀ (33) ਵਾਸੀ ਬਰਨਾਲਾ ਨੇ ਕਿਹਾ ਕਿ ਬਰਨਾਲਾ ਦਾ ਹੀ ਇੱਕ ਲੜਕਾ ਪਰਦੀਪ ਕੁਮਾਰ ਚੌਹਾਨ ਵਿਆਹ ਦਾ ਝਾਂਸਾ ਦੇ ਕੇ 6 ਸਾਲ ਤੋਂ ਸਬੰਧਾਂ ’ਚ ਰਹਿਣ ਉਪਰੰਤ ਧੋਖੇ ਨਾਲ ਆਪਣੇ ਘਰਦਿਆਂ ਨਾਲ ਹਮਮਸ਼ਵਰਾਂ ਹੋ ਕੇ ਵਿਦੇਸ਼ ਭੱਜ ਗਿਆ। ਸ਼ਿਕਾਇਤ ਦੇ ਤਿੰਨ ਮਹੀਨੇ ਬੀਤਣ ’ਤੇ ਵੀ ਲੋੜੀਂਦੀ ਪੁਲੀਸ ਕਾਰਵਾਈ ਨਾ ਹੋਣ ਕਾਰਨ ਅੱਜ ਉਹ ਇਨ੍ਹਾਂ ਸਤਾਈਆਂ ਲੜਕੀਆਂ ਨਾਲ ਟੈਂਕੀ ’ਤੇ ਚੜ੍ਹਨ ਲਈ ਮਜ਼ਬੂਰ ਹੋਈ। ਤੀਸਰਾ ਲੜਕੀ ਮਨਪ੍ਰੀਤ ਕੌਰ (24) ਵਾਸੀ ਗਾਗੇਵਾਲ ਨੇ ਕਿਹਾ ਕਿ ਇਕਬਾਲ ਸਿੰਘ ਵਾਸੀ ਰਾਏਕੋਟ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ 3 ਸਾਲ ਸਬੰਧ ਬਣਾਈ ਰੱਖੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ। ਇਸ ਬਾਰੇ ਵੀ ਐਸ.ਐਸ.ਪੀ. ਬਰਨਾਲਾ ਦਫ਼ਤਰ ਵਿਖੇ ਲੰਘੀ 2 ਜੁਲਾਈ ਨੂੰ ਦਰਖਾਸਤ ਦਿੱਤੀ ਸੀ ਪਰ ਇਨਸਾਫ਼ ਲਈ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੇ ਅੱਜ ਦੀ ਘਟਨਾ ਨੂੰ ਅੰਜ਼ਾਮ ਦੇਣ ਲਈ ਮਜ਼ਬੂਰ ਕੀਤਾ।
ਇਸ ਮੌਕੇ ਉਨ੍ਹਾਂ ਵੂਮੈਨ ਸੈੱਲ ਇੰਚਾਰਜ ’ਤੇ ਕਥਿੱਤ ਮਿਲੀਭੁਗਤ ਦੇ ਦੋਸ਼ ਵੀ ਲਗਾਏ। ਟੈਂਕੀ ’ਤੇ ਚੜ੍ਹੀਆਂ ਲੜਕੀਆਂ ਨੂੰ ਉਤਾਰਨ ਲਈ ਥਾਣਾ ਸਿਟੀ 2 ਦੇ ਇੰਚਾਰਜ ਚਰਨਜੀਤ ਸਿੰਘ ਆਪਣੀ ਪਾਰਟੀ ਨਾਲ ਸਵੇਰ ਤੋਂ ਹੀ ਰਾਬਤਾ ਭਾਵੇ ਬਣਾ ਰਹੇ ਸਨ ਪਰੰਤੂ ਲੜਕੀਆਂ ਆਪਣੀ ਮੁਲਜ਼ਮਾਂ ਖਿਲਾਫ਼ ਪਰਚੇ ਦਰਜ ਕਰਵਾਉਣ ਦੀ ਮੰਗ ’ਤੇ ਅੜੀਆਂ ਰਹੀਆਂ। ਪਿੱਛੋਂ ਡੀ.ਐਸ.ਪੀ. ਰਜਿੰਦਰਪਾਲ ਸਿੰਘ ਨੇ ਵੀ ਦਖਲ ਦਿੰਦਿਆਂ ਸਮੁੱਚੀ ਕਾਰਵਾਈ ਦੀ ਜਾਂਚ ਕੀਤੀ। ਅਖੀਰ ਐਸ.ਪੀ.ਡੀ. ਬਰਨਾਲਾ ਸੰਜੀਵ ਕੁਮਾਰ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਨਾਮਜਦ ਤਿੰਨੋਂ ਮੁਲਜ਼ਮਾਂ ਖਿਲਾਫ਼ ਕ੍ਰਮਵਾਰ ਐਫ.ਆਈ.ਆਰ. ਨੰਬਰ 72,73 ਤੇ 410 ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਟੈਂਕੀ ’ਤੇ ਚੜ੍ਹੀਆਂ ਲੜਕੀਆਂ ਨੂੰ ਪਰਚੇ ਦਰਜ ਹੋ ਜਾਣ ਦੀ ਪੁਸ਼ਟੀ ਕਰਕੇ ਸ਼ਾਮ 4 ਵਜੇ ਦੇ ਕਰੀਬ ਟੈਂਕੀ ਉਤਾਰਨ ਵਿੱਚ ਸਫ਼ਲਤਾ ਹਾਸਿਲ ਕੀਤੀ। ਇਹ ਵੀ ਦੱਸਿਆ ਕਿ ਪੀੜਤ ਲੜਕੀਆਂ ਦੇ ਧਾਰਾ 164 ਤਹਿਤ ਜੱਜ ਸਾਹਮਣੇ ਬਿਆਨ ਦਰਜ ਕਰਵਾਉਣ ਉਪਰੰਤ ਡਾਕਟਰੀ ਰਿਪੋਰਟ ਵੀ ਹਾਸਲ ਕਰ ਲਈ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




