PunjabTop News

ਪ੍ਰਦਰਸ਼ਨਕਾਰੀਆਂ ’ਤੇ ਡਰੋਨਾਂ ਰਾਹੀਂ ਅੱਥਰੂ ਗੈਸ ਦੀ ਵਰਤੋਂ ਕਰਕੇ ਕੀਤਾ ਫ਼ੌਜੀ ਹਮਲਾ : ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮਾਨ ਨੇ 15 ਅਗਸਤ ਨੂੰ ਚੰਡੀਗੜ੍ਹ ਵਿਖੇ ਕੌਮੀ ਇਨਸਾਫ ਮੋਰਚੇ ਦੇ ਪ੍ਰੋਗਰਾਮ ਦੌਰਾਨ ਪ੍ਰਦਰਸ਼ਨਕਾਰੀਆਂ ’ਤੇ ਕਥਿਤ ਲਾਠੀਚਾਰਜ ਅਤੇ ਡਰੋਨਾਂ ਰਾਹੀਂ ਅੱਥਰੂ ਗੈਸ ਦੀ ਵਰਤੋਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਤੇ ਡਰੋਨਾਂ ਨਾਲ ਹਮਲਾ ਕੀਤਾ ਗਿਆ ਹੈ ਅਤੇ ਡਰੋਨ ਫੌਜੀ ਹਥਿਆਰ ਹਨ। ਉਨ੍ਹਾਂ ਡਰੋਨਾਂ ਰਾਹੀਂ ਭੀੜ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਡੇ ‘ਤੇ ਫੋਜੀ ਹਮਲਾ ਹੈ, ਜਿਸ ਮਾਮਲੇ ਦੀ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਕੇਂਦਰ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਪਾਬੰਦੀਆਂ ’ਤੇ ਕਿਹਾ ਕਿ ਸੁਰੱਖਿਆ ਦਾ ਦਿੱਤਾ ਜਾ ਰਿਹਾ ਤਰਕ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੂੰ ਗੁਰਧਾਮਾਂ ਦੇ ਦਰਸ਼ਨਾਂ ਲਈ ਬਿਨਾਂ ਵਜ੍ਹਾ ਨਹੀਂ ਰੋਕਣਾ ਚਾਹੀਦਾ। ਮਾਨ ਨੇ ਸ੍ਰੀ ਅਮਰਨਾਥ ਯਾਤਰਾ ਦਾ ਹਵਾਲਾ ਦਿੰਦਿਆ ਕਿਹਾ ਕਿ ਸਰਕਾਰ ਵੱਲੋਂ ਸਿੱਖਾਂ ਅਤੇ ਹਿੰਦੂਆਂ ਨਾਲ ਵੱਖ-ਵੱਖ ਮਾਪਦੰਡ ਅਪਣਾਏ ਜਾ ਰਹੇ ਹਨ, ਜਿਸ ਨਾਲ ਦੋਵੇਂ ਭਾਈਚਾਰਿਆਂ ਵਿਚ ਵਖਰੇਵੇਂ ਦੀ ਭਾਵਨਾ ਪੈਦਾ ਹੋ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਧਾਰਮਿਕ ਯਾਤਰਾਵਾਂ ਅਤੇ ਗੁਰਧਾਮਾਂ ਦੇ ਦਰਸ਼ਨਾਂ ਸਬੰਧੀ ਇਕਸਾਰ ਨੀਤੀ ਅਪਣਾਉਂਣ ਦੀ ਮੰਗ ਕੀਤੀ। ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਿਹਾ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਹਨਾਂ ਨੂੰ ਵੀ ਅੱਜ ਤੱਕ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਕੁਝ ਮਾਮਲਿਆਂ ਵਿਚ ਪੈਰੋਲ ਨਾ ਦਿੱਤੇ ਜਾਣ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਬੰਦੀ ਸਿੰਘਾਂ ਦੀਆਂ ਮਾਵਾਂ ਆਪਣੇ ਪੁੱਤਰਾਂ ਦੀ ਉਡੀਕ ਕਰਦਿਆਂ ਆਖਰੀ ਸਾਹਾਂ ’ਤੇ ਹਨ, ਜਦਕਿ ਸਿਰਸੇ ਵਾਲੇ ਸਾਧ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਇਕਸਾਰ ਅਤੇ ਨਿਆਂਪੂਰਨ ਨੀਤੀ ਅਪਣਾਉਣੀ ਚਾਹੀਦੀ ਹੈ। ਮਾਨ ਨੇ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਿਆ ਕਿਹਾ ਕਿ ਇਸ ਦੌਰਾਨ ਸਕੂਲ, ਕਾਲਜ, ਦੁਕਾਨਾਂ ਅਤੇ ਰੇਲ ਸੇਵਾਵਾਂ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਬੰਦ ਸਿਰਫ਼ ਪੰਜਾਬ ਤੱਕ ਸੀਮਿਤ ਨਾ ਰਹਿ ਕੇ ਪੰਜਾਬੀ ਵਸੋਂ ਵਾਲੇ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਆਦਿ ਖੇਤਰਾਂ ਵਿਚ ਵੀ ਕੀਤਾ ਜਾਵੇਗਾ। ਪੰਥਕ ਏਕਤਾ ਬਾਰੇ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਥਕ ਏਕਤਾ ਲਈ ਕੰਮ ਕਰਨ ਵਾਸਤੇ ਤਿਆਰ ਹੈ। ਉਨ੍ਹਾਂ ਅਕਾਲੀ ਧੜਿਆਂ ਵੱਲੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀਆਂ ਜਾ ਰਹੀਆਂ ਸਿਆਸੀ ਮੁਲਾਕਾਤਾਂ ਦੀ ਆਲੋਚਨਾ ਕੀਤੀ। ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਤੁਰੰਤ ਕਰਵਾਉਂਣ ਦੀ ਵੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਰੀਬ 15 ਸਾਲਾਂ ਤੋਂ ਚੋਣਾ ਨਾ ਹੋਣ ਕਾਰਨ ਸਿੱਖਾਂ ਦੇ ਜਮਹੂਰੀ ਹੱਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਉਂਣਾ ਸਿੱਖ ਸੰਗਤ ਦੇ ਜਮਹੂਰੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ। 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਕਾਨਫਰੰਸ ਵਿਚ ਮਾਨ ਨੇ ਸੰਗਤਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਥੇਬੰਦਕ ਸਕੱਤਰ ਜਸਬੀਰ ਸਿੰਘ ਬਚੜੇ, ਹਰਮਨਦੀਪ ਸਿੰਘ ਸੁਲਤਾਨਵਿੰਡ, ਸ਼ਮਸ਼ੇਰ ਸਿੰਘ ਬਰਾੜ, ਕੁਲਵੰਤ ਸਿੰਘ ਕੋਟਲਾ, ਪਰਮਜੀਤ ਸਿੰਘ ਖਾਸਾ, ਜਸਕਰਨ ਸਿੰਘ ਆਦਿ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button