PunjabTop News

ਛੁੱਟੀ ਵਾਲੇ ਦਿਨ ADC  ਦਫ਼ਤਰ ਦੀ ID ਤੋਂ ਹੋਈਆਂ ਫੇਕ ਡੌਂਗਲਾਂ ਦੀਆਂ ਅਪਰੂਵਲਾਂ, 1.81 ਕਰੋੜ ਦੇ ਪੰਚਾਇਤੀ ਫੰਡ ਘੁਟਾਲੇ ’ਚ ਹੋਇਆ ਸਨਸਨੀਖੇਜ਼ ਖੁਲਾਸਾ

ਪੰਚਾਇਤ ਸੰਮਤੀ ਫਿਰੋਜ਼ਪੁਰ ਤੋਂ 15ਵੇਂ ਵਿੱਤ ਕਮਿਸ਼ਨ ਦੇ 1 ਕਰੋੜ 80 ਲੱਖ 87 ਹਜ਼ਾਰ 591 ਰੁਪਏ ਦੇ ਕਥਿਤ ਗਬਨ ਮਾਮਲੇ ’ਚ ਏਡੀਸੀ ਅਰੁਣ ਸ਼ਰਮਾ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਸਨਸਨੀਖੇਜ ਖੁਲਾਸੇ ਹੋਏ ਹਨ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਇਸ ਗਬਨ ਲਈ ਤੱਤਕਾਲੀ ਬੀਡੀਪੀਓ ਕਿਰਨਦੀਪ ਕੌਰ ਤੇ ਚੇਅਰਪਰਸਨ ਜਸਵਿੰਦਰ ਕੌਰ ਦੀਆਂ ਵਰਤੀਆਂ ਗਈਆਂ ਕਥਿਤ ਫੇਕ ਡੌਂਗਲਾਂ ਨੂੰ ਅਪਰੂਵ ਕਰਨ ਦੀ ਕਾਰਵਾਈ 1 ਮਈ 2024 ਨੂੰ ਕੀਤੀ ਗਈ, ਜੋ ‘ਲੇਬਰ ਡੇਅ’ ਦੀ ਸਰਕਾਰੀ ਛੁੱਟੀ ਸੀ।
ਵਿਭਾਗੀ ਰਿਕਾਰਡ ਮੁਤਾਬਕ ਇਹ ਡੌਂਗਲਾਂ ਤਤਕਾਲੀ ਏਡੀਸੀ (ਡੀ) ਫਿਰੋਜ਼ਪੁਰ ਅਰੁਣ ਸ਼ਰਮਾ ਦੀ ਈ-ਗ੍ਰਾਮ ਸਵਰਾਜ ਆਈਡੀ ’ਚੋਂ ‘ਲੇਬਰ ਡੇਅ’ ਵਾਲੇ ਦਿਨ ਹੀ ਅਪਰੂਵ ਹੋਈਆਂ ਸਨ। ਹਾਲਾਂਕਿ ਏਡੀਸੀ ਅਰੁਣ ਸ਼ਰਮਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਨ੍ਹਾਂ ਖੁਦ ਮਾਮਲਾ ਸਰਕਾਰ ਦੇ ਧਿਆਨ ’ਚ ਲਿਆ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਦੀ ਡੌਂਗਲ ਤੋਂ ਕੋਈ ਮਨੀ ਟ੍ਰਾਂਜ਼ੈਕਸ਼ਨ ਨਹੀਂ ਹੋਈ। ਪਰ ਵਿਜੀਲੈਂਸ ਤਫ਼ਤੀਸ਼ ਅਨੁਸਾਰ ਅਰੁਣ ਸ਼ਰਮਾ ਦੀ ਈ-ਗ੍ਰਾਮ ਸਵਰਾਜ ਆਈਡੀ ’ਚ ਜੂਨੀਅਰ ਕਰਮਚਾਰੀ ਜਸਪ੍ਰੀਤ ਕੌਰ ਦਾ ਮੋਬਾਈਲ ਨੰਬਰ ਰਜਿਸਟਰ ਸੀ। ਵਿਭਾਗੀ ਜਾਂਚ ਮੁਤਾਬਕ ਜੇਕਰ ਅਧਿਕਾਰਕ ਆਈਡੀ ਦੀ ਵਰਤੋਂ ਲਈ ਅਜਿਹੀ ਅਧਿਕਾਰਤ ਸਹੂਲਤ ਨਾ ਦਿੱਤੀ ਜਾਂਦੀ ਤੇ ਕਰਮਚਾਰੀ ਦਾ ਮੋਬਾਈਲ ਨੰਬਰ ਰਜਿਸਟਰ ਨਾ ਹੁੰਦਾ ਤਾਂ ਗਬਨ ਦੀ ਇਹ ਕਾਰਵਾਈ ਸੰਭਵ ਨਾ ਹੁੰਦੀ
ਬੀਡੀਪੀਓ ਦਫ਼ਤਰ ਫਿਰੋਜ਼ਪੁਰ ਤੋਂ 16 ਜੁਲਾਈ ਤੋਂ 27 ਅਗਸਤ 2024 ਦਰਮਿਆਨ ਬੀਡੀਪੀਓ ਦੀ ਜਾਅਲੀ ਡੌਂਗਲ ਦੀ ਵਰਤੋਂ ਕਰ ਕੇ 11 ਕਿਸ਼ਤਾਂ ’ਚ 1,80,87,591 ਰੁਪਏ ਰਣਜੀਤ ਟਾਇਲ ਇੰਡਸਟਰੀਜ਼ ਦੇ ਖਾਤੇ ’ਚ ਟਰਾਂਸਫਰ ਕੀਤੇ ਗਏ। ਵਿਜੀਲੈਂਸ ਜਾਂਚ ’ਚ ਜਦੋਂ ਇਹ ਸਵਾਲ ਸਾਹਮਣੇ ਆਇਆ ਕਿ ‘ਕੰਮ ਹੋਇਆ ਹੀ ਨਹੀਂ’, ਫਿਰ ਪੈਸਾ ਕਿੱਥੇ ਗਿਆ? ਤਾਂ ਵਿਭਾਗ ਵੱਲੋਂ ਹੋਰ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ’ਤੇ ਪੰਚਾਇਤ ਸੰਮਤੀ ਦਾ ਕਾਰਵਾਈ ਰਜਿਸਟਰ ਚੈੱਕ ਕੀਤਾ ਤਾਂ ਕਾਰਵਾਈ ਰਜਿਸਟਰ ’ਚ ਇਸ ਅਦਾਇਗੀ ਸਬੰਧੀ ਕੋਈ ਮਤਾ ਦਰਜ ਨਹੀਂ ਮਿਲਿਆ। ਨਾ ਕੋਈ ਐਸਟੀਮੇਟ ਬਣਿਆ ਤੇ ਨਾ ਹੀ ਕੰਮ ਦੀ ਮਿਣਤੀ ਹੋਈ। ਜਾਂਚ ’ਚ ਰਣਜੀਤ ਟਾਇਲ ਇੰਡਸਟਰੀ ਦੇ ਬਿੱਲਾਂ ’ਤੇ ਸਰਕਾਰੀ ਪ੍ਰਾਪਤੀ ਦਸਤਖ਼ਤ ਤੇ ਮਾਲ ਦੀ ਢੋਆ-ਢੁਆਈ ਸਬੰਧੀ ਲੋੜੀਂਦੇ ਦਸਤਾਵੇਜ਼ ਵੀ ਨਾ ਮਿਲਣ ਦੀ ਗੱਲ ਦਰਜ ਹੈ। ਵਿਭਾਗੀ ਜਾਂਚ ਨੇ ਵੈਂਡਰ ਕੰਧਾਰਾ ਸਿੰਘ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ ਹਨ।
ਸਭ ਤੋਂ ਹੈਰਾਨੀਜਨਕ ਮਾਮਲਾ ਇਹ ਸਾਹਮਣੇ ਆਇਆ ਕਿ ਕਿਰਨਦੀਪ ਕੌਰ ਬੀਡੀਪੀਓ ਦੀ ਥਾਂ ਕਿਰਨਦੀਪ ਕੌਰ ਸਰਪੰਚ ਤੇ ਪੰਚਾਇਤ ਸੰਮਤੀ ਚੇਅਰਪਰਸਨ ਜਸਵਿੰਦਰ ਕੌਰ ਦੀ ਥਾਂ ਜਸਵਿੰਦਰ ਕੌਰ ਸਰਪੰਚ ਦੇ ਨਾਂ ’ਤੇ ਬਣੀਆਂ ਜਾਅਲੀ ਡੌਂਗਲਾਂ ਨੂੰ ਕ੍ਰਮਵਾਰ ਮੇਕਰ ਤੇ ਚੈਕਰ ਵਜੋਂ ਵਰਤਿਆ ਗਿਆ। ਇਸ ਤੋਂ ਵੱਡਾ ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਵਿਜੀਲੈਂਸ ਜਾਂਚ ਰਿਕਾਰਡ ਅਨੁਸਾਰ ਕਿਰਨਦੀਪ ਕੌਰ ਬਤੌਰ ਬੀਡੀਪੀਓ 31 ਜਨਵਰੀ 2024 ਨੂੰ ਹੀ ਚਾਰਜ ਛੱਡ ਚੁੱਕੀ ਸੀ, ਉਸ ਦੇ ਤਬਾਦਲੇ ਤੋਂ ਕਰੀਬ ਤਿੰਨ ਮਹੀਨੇ ਬਾਅਦ ਇਕ ਮਈ ਵਾਲੇ ਦਿਨ ਜਾਅਲੀ ਡੌਂਗਲ ਬਨਾਉਣੀ ਤੇ 6 ਮਹੀਨੇ ਬਾਅਦ 16 ਜੁਲਾਈ ਤੋਂ ਫੰਡ ਟਰਾਂਸਫਰ ਕੀਤੇ ਜਾਣ ਨੇ ਜਾਂਚ ਨੂੰ ਹੋਰ ਗੰਭੀਰ ਬਣਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button