IndiaTop News

ਹਾਈਵੇ ’ਤੇ ਹਾਦਸੇ ਤੋਂ ਬਾਅਦ ਦੇਰ ਨਾਲ ਪੁੱਜੀ ਐਂਬੂਲੈਂਸ ਤਾਂ ਲੱਗੇਗਾ 10,000 ਜੁਰਮਾਨਾ, ਕੇਅਰ ਸਿਸਟਮ ‘ਚ ਸ਼ਿਕਾਇਤਾਂ ‘ਤੇ ਐੱਨਐੱਚਏਆਈ ਦਾ ਸਖ਼ਤ ਰੁਖ਼

ਕੌਮੀ ਰਾਜਮਾਰਗਾਂ ‘ਤੇ ਹਾਦਸਾ ਹੋਣ ‘ਤੇ ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਸਹੂਲਤ ਮਿਲ ਸਕੇ, ਇਸ ਲਈ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਐਮਰਜੈਂਸੀ ਰਿਸਪਾਂਸ ਸਿਸਟਮ-ਕੰਪਿਊਟਰ ਏਡਿਡ ਡਿਸਪੈਚ (ਈਆਰਐੱਸ-ਸੀਏਡੀ) ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਅਥਾਰਟੀ ਦੇ ਸਾਹਮਣੇ ਜਦੋਂ ਲਾਪਰਵਾਹੀ ਦੀਆਂ ਸ਼ਿਕਾਇਤਾਂ ਆਈਆਂ ਤਾਂ ਹੁਣ ਸੁਧਾਰ ਲਈ ਹੋਰ ਸਖ਼ਤ ਕਦਮ ਚੁੱਕੇ ਗਏ ਹਨ। ਸਰਵਿਸ ਲੈਵਲ ਐਗਰੀਮੈਂਟ (ਐੱਸਐੱਲਏ) ‘ਚ ਜੁਰਮਾਨੇ ਦੇ ਪ੍ਰਬੰਧ ਸਖ਼ਤ ਕੀਤੇ ਗਏ ਹਨ। ਹਰ ਗ਼ਲਤੀ ‘ਤੇ ਸਜ਼ਾ ਦਾ ਪ੍ਰਬੰਧ ਹੈ। ਹੁਣ ਜੇ ਐਂਬੂਲੈਂਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਦੇਰੀ ਨਾਲ ਪਹੁੰਚੀ ਤਾਂ ਉਸ ‘ਤੇ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਇੰਨਾ ਹੀ ਨਹੀਂ, ਸੂਚਨਾ ਮਿਲਦੇ ਹੀ ਦੋ ਮਿੰਟ ‘ਚ ਨਾ ਚੱਲੀ ਐਂਬੂਲੈਂਸ ਤਾਂ ਹਰ ਮਿੰਟ ਦੀ ਦੇਰੀ ‘ਤੇ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਲੱਗੇਗਾ।
ਨੈਸ਼ਨਲ ਹਾਈਵੇਅ ‘ਤੇ ਤਾਇਨਾਤ ਐਂਬੂਲੈਂਸ, ਕਰੇਨ ਅਤੇ ਗਸ਼ਤੀ ਵਾਹਨਾਂ ਦੇ ਬਿਹਤਰ ਪ੍ਰਬੰਧਨ ਲਈ ਹੀ ਐੱਨਐੱਚਏਆਈ ਨੇ ਐਮਰਜੈਂਸੀ ਰਿਸਪਾਂਸ ਸਿਸਟਮ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਸਬੰਧਤ ਵਾਹਨਾਂ ‘ਚ ਏਆਈਐੱਸ-140 ਜੀਪੀਐੱਸ ਉਪਕਰਨ ਲਾਏ ਗਏ ਹਨ। ਹਰੇਕ ਆਨ-ਰੋਡ ਵਾਹਨ ਨੂੰ ਆਈਓਟੀ ਸਿਮ ਵਾਲਾ ਐਂਡਰਾਇਡ ਮੋਬਾਈਲ ਦਿੱਤਾ ਗਿਆ ਹੈ। ਇਹ ਐੱਨਐੱਚਏਆਈ ਕੇਅਰ ਮੋਬਾਈਲ ਐਪਲੀਕੇਸ਼ਨ ਨਾਲ ਜੁੜਿਆ ਹੈ, ਜੋ ਹਾਦਸੇ ਵਾਲੀ ਥਾਂ ਨਾਲ ਸਬੰਧਤ ਜਾਣਕਾਰੀ ਸੜਕ ‘ਤੇ ਤਾਇਨਾਤ ਵਾਹਨ ਤੱਕ ਪਹੁੰਚਾਉਂਦਾ ਹੈ ਅਤੇ ਐਮਰਜੈਂਸੀ ਦੌਰਾਨ ਕੀਤੀ ਗਈ ਕਾਰਵਾਈ ਸਮੇਤ ਡਾਟਾ ਇਕੱਠਾ ਕਰਦਾ ਹੈ। ਇਸ ਤੋਂ ਇਲਾਵਾ ਹਰੇਕ ਘਟਨਾ ਪ੍ਰਬੰਧਕ ਭਾਵ ਇਨਸਿਡੈਂਟ ਮੈਨੇਜਰ ਨੂੰ ਆਈਓਟੀ ਸਿਮ ਵਾਲਾ ਐਂਡਰਾਇਡ ਟੈਬਲੇਟ ਦਿੱਤਾ ਗਿਆ ਹੈ। ਇਹ ਵੀ ਐੱਨਐੱਚਏਆਈ ਕੇਅਰ ਡੈਸ਼ਬੋਰਡ ਐਪਲੀਕੇਸ਼ਨ ਨਾਲ ਜੁੜਿਆ ਹੈ, ਜੋ ਆਈਐੱਮ ਨੂੰ ਵਾਹਨਾਂ ਨੂੰ ਟਰੈਕ ਕਰਨ ਅਤੇ ਹਾਦਸੇ ਦੇ ਪ੍ਰਬੰਧਨ ਦੀ ਰੀਅਲ ਟਾਈਮ ਨਿਗਰਾਨੀ ‘ਚ ਮਦਦ ਕਰਦਾ ਹੈ।ਇਕ ਕੇਂਦਰੀ ਕਾਲ ਸੈਂਟਰ ਹੈ ਜੋ 24 ਘੰਟੇ ਕੰਮ ਕਰਦਾ ਹੈ। ਇੰਨੇ ਪ੍ਰਬੰਧਾਂ ਦੇ ਬਾਵਜੂਦ ਐੱਨਐੱਚਏਆਈ ਨੇ ਪਾਇਆ ਹੈ ਕਿ ਐੱਨਐੱਚਏਆਈ ਕੇਅਰ ਡੈਸ਼ਬੋਰਡ ਅਤੇ ਐੱਨਐੱਚਏਆਈ ਕੇਅਰ ਐਪਲੀਕੇਸ਼ਨ ਦੀ ਸਹੀ ਤਰ੍ਹਾਂ ਵਰਤੋਂ ਨਹੀਂ ਹੋ ਰਹੀ, ਜਿਸ ਕਾਰਨ ਹਾਦਸੇ ਤੋਂ ਬਾਅਦ ਰਿਸਪਾਂਸ ਟਾਈਮ ‘ਚ ਸੁਧਾਰ ਨਹੀਂ ਹੋ ਰਿਹਾ। ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਆਨ-ਰੋਡ ਵਾਹਨਾਂ ਦੀ ਆਨਲਾਈਨ ਉਪਲਬਧਤਾ ਵੀ ਦਿਖਾਈ ਨਹੀਂ ਦੇ ਰਹੀ। ਹੁਣ ਹਰੇਕ ਵਾਹਨ ਲਈ ਆਈਐੱਮਐੱਸ ਕੇਅਰ ਸਿਸਟਮ ਦੀ ਵਰਤੋਂ ਲਾਜ਼ਮੀ ਕਰਦਿਆਂ ਐੱਨਐੱਚਏਆਈ ਨੇ ਜੁਰਮਾਨੇ ਦੇ ਪ੍ਰਬੰਧ ਬਣਾ ਦਿੱਤੇ ਹਨ। ਇਸ ‘ਚ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਹਾਈਵੇਅ ‘ਤੇ ਜੇ ਕਿਸੇ ਪ੍ਰਾਜੈਕਟ ਦੇ ਦਾਇਰੇ ਤੋਂ ਬਾਹਰ, ਨੇੜੇ-ਤੇੜੇ ਵੀ ਕੋਈ ਹਾਦਸਾ ਹੁੰਦਾ ਹੈ ਅਤੇ ਉੱਥੇ ਹੋਰ ਐਂਬੂਲੈਂਸ ਉਪਲਬਧ ਨਾ ਹੋਵੇ ਤਾਂ ਉੱਥੇ ਵੀ ਪਹੁੰਚਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button