InternationalTop News

ਕੱਚੇ ਤੇਲ ਦੇ ਬਾਜ਼ਾਰ ਨੂੰ ਵੱਡੀ ਰਾਹਤ! ਹੋਰਮੁਜ਼ ਰਾਹੀਂ ਮੁੜ ਨਿਕਲਣ ਲੱਗੇ ਜਹਾਜ਼, ਘਟ ਸਕਦੀਆਂ ਹਨ ਕੀਮਤਾਂ

ਮੱਧ-ਪੂਰਬ ‘ਚ ਚੱਲ ਰਹੇ ਤਣਾਅ ਦੇ ਵਿਚਕਾਰ ਹੋਰਮੁਜ਼ ਸਟ੍ਰੇਟ ਤੋਂ ਕੱਚੇ ਤੇਲ ਦੀ ਆਵਾਜਾਈ ਦੁਬਾਰਾ ਤੇਜ਼ ਹੋਣ ਲੱਗੀ ਹੈ। ਪਿਛਲੇ ਕੁਝ ਦਿਨਾਂ ‘ਚ ਜੰਗ ਤੇ ਹਮਲਿਆਂ ਕਾਰਨ ਤੇਲ ਦੀ ਸਪਲਾਈ ਹੌਲੀ ਹੋ ਗਈ ਸੀ, ਪਰ ਹੁਣ ਤੇਲ ਕੰਪਨੀਆਂ ਤੇ ਸ਼ਿਪਿੰਗ ਆਪਰੇਟਰ ਵੱਡੀ ਮਾਤਰਾ ‘ਚ ਕੱਚਾ ਤੇਲ ਇਸ ਖੇਤਰ ਤੋਂ ਬਾਹਰ ਭੇਜ ਰਹੇ ਹਨ। ਹਾਲਾਂਕਿ, ਤੇਲ ਕੰਪਨੀਆਂ ਨੇ ‘ਸ਼ਟਲ ਟ੍ਰੇਡ’ ਵਜੋਂ ਜਾਣਿਆ ਜਾਂਦਾ ਇੱਕ ਨਵਾਂ ਤਰੀਕਾ ਅਪਣਾਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਵਿਸ਼ਵ ਬਾਜ਼ਾਰ ‘ਚ ਕੱਚੇ ਤੇਲ ਦੀ ਉਪਲਬਧਤਾ ਵਧੇਗੀ ਤੇ ਤੇਲ ਦੀਆਂ ਕੀਮਤਾਂ ‘ਚ ਅਚਾਨਕ ਵੱਡੇ ਵਾਧੇ ਦਾ ਖਤਰਾ ਘੱਟ ਹੋ ਸਕਦਾ ਹੈ।
ਤਣਾਅ ਵਧਣ ਤੋਂ ਬਾਅਦ ਕਈ ਵੱਡੇ ਜਹਾਜ਼ ਹੋਰਮੁਜ਼ ਸਟ੍ਰੇਟ ਰਾਹੀਂ ਜਾਣ ਤੋਂ ਬਚ ਰਹੇ ਸਨ। ਇਸ ਦੇ ਬਦਲ ਵਜੋਂ ਤੇਲ ਕੰਪਨੀਆਂ ਨੇ ‘ਸ਼ਟਲ ਟ੍ਰੇਡ’ ਦਾ ਤਰੀਕਾ ਅਪਣਾਇਆ ਹੈ। ਇਸ ਪ੍ਰਕਿਰਿਆ ‘ਚ ਛੋਟੇ ਜਾਂ ਦਰਮਿਆਨੇ ਆਕਾਰ ਦੇ ਜਹਾਜ਼ ਖਾੜੀ ਦੇਸ਼ਾਂ ਤੋਂ ਕੱਚਾ ਤੇਲ ਲੈ ਕੇ ਹੋਰਮੁਜ਼ ਤੋਂ ਬਾਹਰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਂਦੇ ਹਨ। ਇਸ ਤੋਂ ਬਾਅਦ ਸਮੁੰਦਰ ‘ਚ ਹੀ ਤੇਲ ਨੂੰ ਵੱਡੇ ਜਹਾਜ਼ਾਂ ‘ਚ ਟਰਾਂਸਫਰ ਕੀਤਾ ਜਾਂਦਾ ਹੈ, ਜੋ ਅੱਗੇ ਏਸ਼ੀਆ, ਯੂਰਪ ਤੇ ਦੁਨੀਆ ਦੇ ਹੋਰ ਦੇਸ਼ਾਂ ਤੱਕ ਤੇਲ ਪਹੁੰਚਾਉਂਦੇ ਹਨ। ਜੰਗੀ ਹਾਲਾਤਾਂ ਦੌਰਾਨ ਇਹ ਤਰੀਕਾ ਕਈ ਤੇਲ ਉਤਪਾਦਕ ਦੇਸ਼ਾਂ ਲਈ ਵੱਡਾ ਸਹਾਰਾ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ, ਹਾਲ ਹੀ ਦੇ ਦਿਨਾਂ ‘ਚ ਘੱਟੋ-ਘੱਟ ਦੋ ਵੱਡੀਆਂ ਸ਼ਿਪਿੰਗ ਕੰਪਨੀਆਂ ਨੇ ਪਹਿਲਾਂ ਵਾਂਗ ਤੇਲ ਦੀ ਢੁਆਈ ਮੁੜ ਸ਼ੁਰੂ ਕਰ ਦਿੱਤੀ ਹੈ। ਸੈਟੇਲਾਈਟ ਤਸਵੀਰਾਂ ਤੋਂ ਵੀ ਸੰਕੇਤ ਮਿਲੇ ਹਨ ਕਿ ਓਮਾਨ ਦੇ ਸੋਹਾਰ ਤੇ ਫੁਜੈਰਾ ਦੇ ਨੇੜੇ ਸਮੁੰਦਰ ‘ਚ ਜਹਾਜ਼ਾਂ ਵਿਚਕਾਰ ਤੇਲ ਟਰਾਂਸਫਰ ਦੀਆਂ ਗਤੀਵਿਧੀਆਂ ਵਧੀਆਂ ਹਨ। ਪਹਿਲਾਂ ਜਿੱਥੇ ਇਹ ਗਤੀਵਿਧੀਆਂ ਕਾਫ਼ੀ ਘੱਟ ਹੋ ਗਈਆਂ ਸਨ, ਉੱਥੇ ਹੁਣ ਕਈ ਵੱਡੇ ਟੈਂਕਰ ਮੁੜ ਸਰਗਰਮ ਦਿਖਾਈ ਦੇ ਰਹੇ ਹਨ।ਅਮਰੀਕਾ ਤੇ ਈਰਾਨ ਵਿਚਕਾਰ ਵਧੇ ਤਣਾਅ ਤੇ ਖੇਤਰ ‘ਚ ਹੋਏ ਹਮਲਿਆਂ ਕਾਰਨ ਕਈ ਸ਼ਿਪਿੰਗ ਕੰਪਨੀਆਂ ਹੋਰਮੁਜ਼ ਰਾਹੀਂ ਜਾਣ ਤੋਂ ਬਚਾਅ ਕਰਦੀਆਂ ਦਿਖਾਈ ਦਿੱਤੀਆਂ। ਸੁਰੱਖਿਆ ਕਾਰਨਾਂ ਕਰਕੇ ਕੁਝ ਜਹਾਜ਼ਾਂ ਨੇ ਆਪਣਾ ਲੋਕੇਸ਼ਨ ਦੱਸਣ ਵਾਲਾ ਸਿਸਟਮ ਵੀ ਬੰਦ ਕਰ ਦਿੱਤਾ ਸੀ ਤਾਂ ਜੋ ਉਨ੍ਹਾਂ ਦੀ ਗਤੀਵਿਧੀ ਦਾ ਪਤਾ ਨਾ ਲੱਗ ਸਕੇ। ਇਸ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਤੇ ਵਿਸ਼ਵ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਸਮੇਂ 100 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈਆਂ ਸਨ।ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗਾਂ ‘ਚੋਂ ਇੱਕ ਹੈ। ਜੰਗ ਤੋਂ ਪਹਿਲਾਂ ਇਸ ਰਸਤੇ ਰਾਹੀਂ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ ਲਗਭਗ 20 ਫੀਸਦੀ, ਯਾਨੀ ਕਰੀਬ 2 ਕਰੋੜ ਬੈਰਲ ਤੇਲ ਪ੍ਰਤੀ ਦਿਨ ਲੰਘਦਾ ਸੀ। ਇਸੇ ਕਾਰਨ ਇਸ ਰਸਤੇ ‘ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਿੱਧਾ ਅਸਰ ਪੈਟਰੋਲ, ਡੀਜ਼ਲ ਤੇ ਕੱਚੇ ਤੇਲ ਦੀਆਂ ਕੀਮਤਾਂ ਤੇ ਪੈਂਦਾ ਹੈ।
ਹਾਲਾਂਕਿ ਤੇਲ ਦੀ ਆਵਾਜਾਈ ਮੁੜ ਵਧਣ ਲੱਗੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਤ ਅਜੇ ਪੂਰੀ ਤਰ੍ਹਾਂ ਆਮ ਨਹੀਂ ਹੋਏ ਹਨ। ਕਈ ਜਹਾਜ਼ ਮਾਲਕ ਅਜੇ ਵੀ ਸੁਰੱਖਿਆ ਕਾਰਨਾਂ ਕਰਕੇ ਇਸ ਰਸਤੇ ਤੋਂ ਜਾਣ ਤੋਂ ਬਚ ਰਹੇ ਹਨ। ਇਸ ਲਈ ਕੁਝ ਤੇਲ ਉਤਪਾਦਕ ਦੇਸ਼ ਆਪਣੇ ਖੁਦ ਦੇ ਜਹਾਜ਼ਾਂ ਦੀ ਵਰਤੋਂ ਕਰ ਰਹੇ ਹਨ ਜਾਂ ਲੰਬੇ ਸਮੇਂ ਦੇ ਸ਼ਿਪਿੰਗ ਸਮਝੌਤੇ ਕਰ ਰਹੇ ਹਨ ਤਾਂ ਜੋ ਤੇਲ ਦੀ ਸਪਲਾਈ ਲਗਾਤਾਰ ਜਾਰੀ ਰਹਿ ਸਕੇ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button