PunjabTop News

ਗਨੀਵ ਕੌਰ ਮਜੀਠੀਆ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ; ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਹੋਣ ਸਬੰਧੀ ਮੰਗਿਆ ਆਦੇਸ਼

ਅੰਮ੍ਰਿਤਸਰ / ਚੰਡੀਗੜ੍ਹ, 2 ਅਗਸਤ 2026- ਮਜੀਠਾ ਹਲਕੇ ਤੋਂ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ 3 ਅਗਸਤ ਨੂੰ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸ਼ਮੂਲੀਅਤ ਕਰਨ ਸਬੰਧੀ ਮਾਰਗ-ਦਰਸ਼ਨ ਅਤੇ ਆਦੇਸ਼ ਮੰਗਿਆ ਹੈ।

ਗਨੀਵ ਕੌਰ ਮਜੀਠੀਆ ਨੇ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਦੋਖੀ ਅਤੇ ਗੁਰੂ ਦੋਖੀ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਨਿਰਧਾਰਤ ਸਮੇਂ ਅੰਦਰ ਲੋੜੀਂਦੀਆਂ ਸੋਧਾਂ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ।

ਵਿਧਾਇਕਾ ਨੇ ਕਿਹਾ ਕਿ ਇੱਕ ਚੁਣੀ ਹੋਈ ਨੁਮਾਇੰਦਾ ਹੋਣ ਦੇ ਨਾਲ-ਨਾਲ ਉਹ ਸਭ ਤੋਂ ਪਹਿਲਾਂ ਗੁਰੂ ਦੀ ਨਿਮਾਣੀ ਸਿੱਖ ਹਨ। ਅਜਿਹੇ ਹਾਲਾਤਾਂ ਵਿੱਚ ਗੁਰੂ ਦੇ ਧ੍ਰੋਹੀ ਕਰਾਰ ਦਿੱਤੇ ਵਿਅਕਤੀ ਦਾ ਮੂੰਹ ਵੇਖਣਾ ਉਨ੍ਹਾਂ ਦੀ ਅੰਤਰ-ਆਤਮਾ ਅਤੇ ਧਰਮ ਪ੍ਰਤੀ ਨਿਸ਼ਚੇ ਦੀ ਅਵੱਗਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਬਹੁਗਿਣਤੀ ਦੇ ਹੰਕਾਰ ਵਿੱਚ ਤਾਨਾਸ਼ਾਹੀ ਰੁਝਾਨ ਦਿਖਾਇਆ ਜਾਂਦਾ ਹੈ ਅਤੇ ਸੱਭਿਅਕ ਚਰਚਾ ਦੀ ਬਜਾਇ ਔਰਤਾਂ ਦੀ ਇੱਜ਼ਤ ਤੱਕ ਦਾ ਖਿਆਲ ਨਹੀਂ ਰੱਖਿਆ ਜਾਂਦਾ।

ਗਨੀਵ ਕੌਰ ਮਜੀਠੀਆ ਨੇ ਪੱਤਰ ਦੇ ਅੰਤ ਵਿੱਚ ਸਪਸ਼ਟ ਕੀਤਾ ਕਿ ਉਨ੍ਹਾਂ ਲਈ ਦੁਨੀਆ ਦਾ ਸਭ ਤੋਂ ਉੱਚਾ ਹੁਕਮ ਗੁਰੂ ਸਾਹਿਬ ਦਾ ਹੁਕਮ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਆਦੇਸ਼ ਪ੍ਰਾਪਤ ਹੋਵੇਗਾ, ਉਹ ਉਸ ਨੂੰ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਸਿਰ-ਮੱਥੇ ਪ੍ਰਵਾਨ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button