ਵੀਡੀਓ ਕਾਲ ‘ਤੇ ਘਰ ਗੱਲ ਕਰ ਰਹੀ ਪੰਜਾਬਣ ਦਾ ਕੈਨੇਡਾ ‘ਚ ਗੋਲ਼ੀ ਮਾਰ ਕੇ ਕਤਲ, ਸਿਰਫਿਰੇ ਨੇ ਕੀਤੀ ਕਰਤੂਤ

ਅੰਮ੍ਰਿਤਸਰ: ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਧੱਕ ਦਿੱਤਾ ਹੈ। ਹੰਝੂ ਭਰੀਆਂ ਅੱਖਾਂ ਨਾਲ ਪਿਤਾ ਹਰਭਜਨ ਸਿੰਘ ਅਤੇ ਚਾਚਾ ਬਲਬੀਰ ਸਿੰਘ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਨਵਨੀਤ ਕੌਰ ਇੱਕ ਸਿਰਫਿਰੇ ਪੰਜਾਬੀ ਨੌਜਵਾਨ ਦੇ ਇੱਕਤਰਫ਼ਾ ਪਿਆਰ ਕਾਰਨ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਸੀ ਅਤੇ ਇਸ ਸਬੰਧੀ ਪਹਿਲਾਂ ਹੀ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਪਰਿਵਾਰ ਮੁਤਾਬਕ, ‘ਨਵਨੀਤ ਕੌਰ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਬਾਅਦ ਵਿੱਚ ਸਥਾਈ ਨਿਵਾਸ (PR) ਹਾਸਲ ਕਰਨ ਉਪਰੰਤ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ। 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਮੁੜ ਕੈਨੇਡਾ ਪਰਤ ਗਈ।’
ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮ ਦਾ ਮੁਲਜ਼ਮ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਨਵਨੀਤ ਨੂੰ ਤੰਗ ਕਰ ਰਿਹਾ ਸੀ। ਉਹ ਲਗਾਤਾਰ ਫੋਨ ਕਰਦਾ, ਪਿੱਛਾ ਕਰਦਾ ਅਤੇ ਕੈਨੇਡਾ ਸਥਿਤ ਨਵਨੀਤ ਕੌਰ ਦੇ ਬੈਂਕ ਵਿੱਚ ਜਿੱਥੇ ਕੰਮ ਕਰਦੀ ਸੀ ਉੱਥੋਂ ਤੱਕ ਪਹੁੰਚ ਜਾਂਦਾ ਸੀ। ਇਸ ਤੋਂ ਬਾਅਦ ਨਵਨੀਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲਾ ਅਦਾਲਤ ਤੱਕ ਪਹੁੰਚਿਆ। ਇਸ ਤੋਂ ਬਾਅਦ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦੀ ਥਾਂ ਵੀ ਬਦਲ ਲਈ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮ ਉਸ ਤੱਕ ਪਹੁੰਚ ਗਿਆ।- ਪਰਿਵਾਰ
ਮ੍ਰਿਤਕਾ ਦੇ ਚਾਚਾ ਬਲਬੀਰ ਸਿੰਘ ਨੇ ਦੱਸਿਆ ਕਿ, ‘ਮੁਲਜ਼ਮ ਸ਼ਰਨਜੀਤ ਦੇ ਪੰਜਾਬ ਰਹਿੰਦੇ ਪਰਿਵਾਰ ਨਾਲ ਵੀ ਉਨ੍ਹਾਂ ਨੇ ਕਈ ਵਾਰ ਸੰਪਰਕ ਕੀਤਾ ਸੀ। ਮੁਲਜ਼ਮ ਦੀ ਪਤਨੀ ਅਤੇ ਭਰਾ ਨੇ ਭਰੋਸਾ ਦਿੱਤਾ ਸੀ ਕਿ ਉਹ ਹੁਣ ਨਵਨੀਤ ਨੂੰ ਤੰਗ ਨਹੀਂ ਕਰਨ ਦੇਣਗੇ ਅਤੇ ਮੁਲਜ਼ਮ ਨੂੰ ਘਰ ਤੋਂ ਬਾਹਰ ਵੀ ਨਹੀਂ ਨਿਕਲਣ ਦੇਣਗੇ। ਇਸ ਦੇ ਬਾਵਜੂਦ ਮੁਲਜ਼ਮ ਨੇ ਕਥਿਤ ਤੌਰ ‘ਤੇ ਧਮਕੀਆਂ ਦੇਣੀਆਂ ਜਾਰੀ ਰੱਖੀਆਂ ਅਤੇ ਨਵਨੀਤ ਸਮੇਤ ਉਸ ਦੇ ਪੂਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦਾ ਰਿਹਾ।’
ਘਟਨਾ ਵਾਲੇ ਦਿਨ ਸਵੇਰੇ ਕਰੀਬ 7:30 ਵਜੇ ਨਵਨੀਤ ਕੌਰ ਟੋਰੋਂਟੋ ਸਥਿਤ ਆਪਣੇ ਬੈਂਕ ਜਾਣ ਲਈ ਬੱਸ ਸਟਾਪ ‘ਤੇ ਖੜ੍ਹੀ ਸੀ ਅਤੇ ਆਪਣੇ ਭਰਾ ਨਾਲ ਪੰਜਾਬ ਵਿੱਚ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਪਰਿਵਾਰ ਮੁਤਾਬਕ ਉਸ ਨੇ ਕਾਲ ਦੌਰਾਨ ਕਿਹਾ, “ਸ਼ਰਨ ਆ ਗਿਆ ਹੈ” ਅਤੇ ਉਸ ਨੂੰ ਪੁੱਛਿਆ ਕਿ ਉਹ ਇੱਥੇ ਕਿਉਂ ਆਇਆ ਹੈ, ਜਦਕਿ ਉਸ ‘ਤੇ ਪਹਿਲਾਂ ਹੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇੰਨੀ ਗੱਲ ਹੋਣ ਤੋਂ ਕੁਝ ਪਲਾਂ ਬਾਅਦ ਫੋਨ ਅਚਾਨਕ ਡਿੱਗ ਗਿਆ ਅਤੇ ਸੰਪਰਕ ਟੁੱਟ ਗਿਆ। ਬਾਅਦ ਵਿੱਚ ਪਰਿਵਾਰ ਨੂੰ ਉਸ ਦੇ ਕਤਲ ਦੀ ਸੂਚਨਾ ਮਿਲੀ।’
ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜਦੋਂ ਪਹਿਲਾਂ ਹੀ ਪੁਲਿਸ ਰਿਪੋਰਟ ਦਰਜ ਸੀ ਅਤੇ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਮੁਲਜ਼ਮ ਖੁੱਲ੍ਹੇਆਮ ਕਿਵੇਂ ਘੁੰਮ ਰਿਹਾ ਸੀ ਅਤੇ ਉਸ ਕੋਲ ਹਥਿਆਰ ਕਿੱਥੋਂ ਆਇਆ। ਉਨ੍ਹਾਂ ਨੇ ਕੈਨੇਡਾ ਸਰਕਾਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ, ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਅਤੇ ਭਾਰਤ ਸਰਕਾਰ ਤੋਂ ਨਵਨੀਤ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਦਖ਼ਲ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਲਈ ਸੁਰੱਖਿਆ ਦੀ ਵੀ ਮੰਗ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੀ ਪਹਿਲਾਂ ਧਮਕੀਆਂ ਮੁਲਜ਼ਮ ਵੱਲੋਂ ਮਿਲ ਚੁੱਕੀਆਂ ਹਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




