
ਜੂਨ 2025 ਵਿੱਚ ਵਾਪਰੇ ਏਅਰ ਇੰਡੀਆ ਦੇ AI-171 ਜਹਾਜ਼ ਹਾਦਸੇ ਦੀ ਜਾਂਚ ਹਾਲ਼ੇ ਵੀ ਜਾਰੀ ਹੈ। ਇਸ ਭਿਆਨਕ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋਈ ਸੀ। ਸਰਕਾਰ ਨੇ ਸੰਸਦ ਨੂੰ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਜਹਾਜ਼ ਦੇ ਫਿਊਲ ਕੰਟਰੋਲ ਸਵਿੱਚ ਦੇ ਲਾਕਿੰਗ ਮਕੈਨਿਜ਼ਮ ਵਿੱਚ ਕੋਈ ਵੀ ਤਕਨੀਕੀ ਖ਼ਰਾਬੀ ਸਾਹਮਣੇ ਨਹੀਂ ਆਈ ਹੈ। ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਜਹਾਜ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੂਲ ਉਪਕਰਨ ਨਿਰਮਾਤਾ (OEM) ਦੇ ਪੱਧਰ ‘ਤੇ ਵਿਸਥਾਰਪੂਰਵਕ ਜਾਂਚ ਦੇ ਹੁਕਮ ਦਿੱਤੇ ਸਨ। ਇਹ ਜਾਂਚ ਅਮਰੀਕਾ ਦੇ ਸੀਏਟਲ ਸਥਿਤ ਨਿਰਮਾਤਾ ਦੀ ਸਹੂਲਤ ਵਿੱਚ ਕੀਤੀ ਗਈ। ਮੰਤਰੀ ਨੇ ਦੱਸਿਆ ਕਿ ਫਿਊਏਲ ਕੰਟਰੋਲ ਸਵਿੱਚ ਅਤੇ ਉਸ ਦੇ ਲਾਕਿੰਗ ਸਿਸਟਮ ਦੀ ਬਹੁਤ ਧਿਆਨ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਸਵਿੱਚ ਦੀ ਬਣਤਰ, ਲਾਕਿੰਗ ਪ੍ਰਬੰਧ ਅਤੇ ਹੋਰ ਤਕਨੀਕੀ ਹਿੱਸਿਆਂ ਦੀ ਪੜਤਾਲ ਕੀਤੀ ਗਈ, ਪਰ ਕਿਸੇ ਵੀ ਕਿਸਮ ਦੀ ਅਸਧਾਰਨਤਾ ਜਾਂ ਖ਼ਰਾਬੀ ਨਹੀਂ ਮਿਲੀ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਹਾਲ਼ੇ ਪੂਰੀ ਨਹੀਂ ਹੋਈ ਹੈ। ਜਹਾਜ਼ ਦੇ ਥਰਸਟ ਕੰਟਰੋਲ ਮੋਡਿਯੂਲ ਦੀ ਵਿਸਥਾਰਪੂਰਵਕ ਤਕਨੀਕੀ ਜਾਂਚ ਹਾਲੇ ਵੀ ਸੀਏਟਲ ਵਿੱਚ OEM ਦੀ ਨਿਗਰਾਨੀ ਹੇਠ ਜਾਰੀ ਹੈ। ਇਸ ਜਾਂਚ ਤੋਂ ਬਾਅਦ ਹੀ ਹੋਰ ਮਹੱਤਵਪੂਰਨ ਤੱਥ ਸਾਹਮਣੇ ਆ ਸਕਣਗੇ। ਸਰਕਾਰ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਅੰਤਿਮ ਜਾਂਚ ਰਿਪੋਰਟ ਵਿੱਚ ਕੋਈ ਦੇਰੀ ਨਹੀਂ ਹੋ ਰਹੀ। ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਵੱਡੇ ਜਹਾਜ਼ ਹਾਦਸਿਆਂ ਦੀ ਜਾਂਚ ਇੱਕ ਲੰਬੀ ਅਤੇ ਜਟਿਲ ਪ੍ਰਕਿਰਿਆ ਹੁੰਦੀ ਹੈ। ਇਸ ਵਿੱਚ ਕਈ ਤਕਨੀਕੀ, ਵਿਗਿਆਨਕ ਅਤੇ ਹੋਰ ਪੱਖਾਂ ਦੀ ਜਾਂਚ ਕਰਨੀ ਪੈਂਦੀ ਹੈ, ਇਸ ਲਈ ਅਜਿਹੀਆਂ ਜਾਂਚਾਂ ਦੀ ਮਿਆਦ ਪਹਿਲਾਂ ਤੋਂ ਨਿਰਧਾਰਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਾਂਚ ਟੀਮ ਹਾਦਸੇ ਨਾਲ ਜੁੜੇ ਹਰ ਸੰਭਾਵਿਤ ਕਾਰਨ ਅਤੇ ਹਰ ਛੋਟੇ-ਵੱਡੇ ਪੱਖ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਕਿਸੇ ਇੱਕ ਕਾਰਨ ‘ਤੇ ਪਹੁੰਚਣ ਦੀ ਬਜਾਏ ਹਰ ਸੰਭਾਵਨਾ ਨੂੰ ਵਿਗਿਆਨਕ ਢੰਗ ਨਾਲ ਪਰਖਿਆ ਜਾ ਰਿਹਾ ਹੈ। ਕੌਮਾਂਤਰੀ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਪਾਇਲਟਾਂ ਦੇ ਵਿਵਹਾਰ ਨੂੰ ਲੈ ਕੇ ਸਾਹਮਣੇ ਆਈਆਂ ਰਿਪੋਰਟਾਂ ਬਾਰੇ ਪੁੱਛੇ ਜਾਣ ‘ਤੇ ਮੰਤਰੀ ਨੇ ਕਿਸੇ ਖ਼ਾਸ ਪੱਖ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਹਾਲ਼ੇ ਜਾਰੀ ਹੈ ਅਤੇ ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ AAIB ਆਪਣੀ ਅੰਤਿਮ ਰਿਪੋਰਟ ਜਨਤਕ ਕਰੇਗਾ। ਇਸ ਰਿਪੋਰਟ ਵਿੱਚ ਹਾਦਸੇ ਦੇ ਅਸਲ ਕਾਰਨਾਂ, ਜਾਂਚ ਦੌਰਾਨ ਮਿਲੇ ਸਾਰੇ ਤੱਥਾਂ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਦਿੱਤੀਆਂ ਜਾਣ ਵਾਲੀਆਂ ਸਿਫ਼ਾਰਸ਼ਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਰਿਪੋਰਟ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਉਪਲਬਧ ਕਰਵਾਈ ਜਾਵੇਗੀ। ਜੂਨ 2025 ਵਿੱਚ ਵਾਪਰਿਆ ਏਅਰ ਇੰਡੀਆ AI-171 ਹਾਦਸਾ ਭਾਰਤ ਦੇ ਸਭ ਤੋਂ ਗੰਭੀਰ ਹਵਾਈ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਲਈ ਇਸ ਦੀ ਜਾਂਚ ਨੂੰ ਬਹੁਤ ਸੰਵੇਦਨਸ਼ੀਲ ਅਤੇ ਤਕਨੀਕੀ ਪੱਧਰ ‘ਤੇ ਅੱਗੇ ਵਧਾਇਆ ਜਾ ਰਿਹਾ ਹੈ, ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਅਤੇ ਭਵਿੱਖ ਵਿੱਚ ਹਵਾਈ ਯਾਤਰਾ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




