ਮਿਡਟਰਮ ਚੋਣਾਂ ਤੋਂ ਪਹਿਲਾਂ: ਹਾਊਸ ਵਿਚ ਡੈਮੋਕ੍ਰੈਟਸ ਮਜ਼ਬੂਤ, ਸੈਨੇਟ ਰਿਪਬਲਿਕਨਾਂ ਨੂੰ ਹਲਕਾ ਫ਼ਾਇਦਾ

ਅਮਰੀਕਾ ਦੀਆਂ 2026 ਦੀਆਂ ਮਿਡਟਰਮ ਚੋਣਾਂ ਲਈ ਹੁਣ ਸਿਰਫ਼ 100 ਦਿਨ ਬਾਕੀ ਹਨ। ਤਾਜ਼ਾ ਚੋਣੀ ਅਨੁਮਾਨਾਂ ਅਨੁਸਾਰ ਡੈਮੋਕ੍ਰੈਟਿਕ ਪਾਰਟੀ ਨੂੰ ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼ ਵਿਚ ਬਹੁਮਤ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਜਦਕਿ ਸੈਨੇਟ ਵਿਚ ਰਿਪਬਲਿਕਨ ਪਾਰਟੀ ਹਲਕੇ ਫ਼ਾਇਦੇ ਨਾਲ ਅੱਗੇ ਦੱਸੀ ਜਾ ਰਹੀ ਹੈ।
ਡਿਸੀਜ਼ਨ ਡੈਸਕ ਐੱਚ.ਕਿਊ. ਦੇ ਅਨੁਮਾਨ ਮੁਤਾਬਕ ਡੈਮੋਕ੍ਰੈਟਸ ਹਾਊਸ ਵਿਚ ਲਗਭਗ 225 ਸੀਟਾਂ ਜਿੱਤ ਸਕਦੇ ਹਨ, ਜਦਕਿ ਰਿਪਬਲਿਕਨਾਂ ਨੂੰ 210 ਸੀਟਾਂ ਮਿਲਣ ਦੀ ਸੰਭਾਵਨਾ ਹੈ। ਸੈਨੇਟ ਵਿਚ ਦੋਵੇਂ ਪਾਰਟੀਆਂ 50-50 ਸੀਟਾਂ ‘ਤੇ ਰਹਿ ਸਕਦੀਆਂ ਹਨ, ਜਿਸ ਕਾਰਨ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਟਾਈ-ਬ੍ਰੇਕਿੰਗ ਵੋਟ ਰਿਪਬਲਿਕਨਾਂ ਨੂੰ ਬਹੁਮਤ ਦਿਵਾ ਸਕਦਾ ਹੈ।
ਚੋਣ ਸਰਵੇਖਣਾਂ ਵਿਚ ਡੈਮੋਕ੍ਰੈਟਸ ਨੂੰ ਜਨਰਲ ਕਾਂਗਰੈਸ਼ਨਲ ਬੈਲਟ ‘ਤੇ ਕਰੀਬ 4 ਅੰਕਾਂ ਦੀ ਬੜ੍ਹਤ ਮਿਲ ਰਹੀ ਹੈ, ਹਾਲਾਂਕਿ ਇਹ ਬੜ੍ਹਤ ਪਿਛਲੇ ਮਹੀਨੇ ਦੇ ਮੁਕਾਬਲੇ ਕੁਝ ਘੱਟ ਹੋਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਾਰ ਮੁਕਾਬਲਾ ਬਹੁਤ ਕਰੀਬੀ ਰਹੇਗਾ ਅਤੇ ਹਾਲਾਤ ਅਜੇ ਵੀ ਕਿਸੇ ਵੀ ਪਾਸੇ ਜਾ ਸਕਦੇ ਹਨ।
ਰਿਪਬਲਿਕਨ ਪਾਰਟੀ ਲਈ ਸਭ ਤੋਂ ਵੱਡੀ ਚਿੰਤਾ ਆਰਥਿਕ ਹਾਲਾਤ, ਮਹਿੰਗਾਈ ਅਤੇ ਇਰਾਨ ਨਾਲ ਵਧਦਾ ਤਣਾਅ ਹੈ। ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਮਹਿੰਗਾਈ ਵੋਟਰਾਂ ਦੀ ਨਾਰਾਜ਼ਗੀ ਵਧਾ ਸਕਦੇ ਹਨ, ਜਿਸ ਦਾ ਸਿੱਧਾ ਅਸਰ ਚੋਣ ਨਤੀਜਿਆਂ ‘ਤੇ ਪੈ ਸਕਦਾ ਹੈ।
ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਵੀ ਅੰਦਰੂਨੀ ਮਤਭੇਦਾਂ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਦੇ ਪ੍ਰਗਤੀਸ਼ੀਲ ਅਤੇ ਮੱਧਮਾਰਗੀ ਧੜਿਆਂ ਵਿਚ ਰਣਨੀਤੀ ਨੂੰ ਲੈ ਕੇ ਚਰਚਾ ਜਾਰੀ ਹੈ। ਰਿਪਬਲਿਕਨ ਅਗਵਾਈ ਇਸ ਮੁੱਦੇ ਨੂੰ ਉਭਾਰ ਕੇ ਡੈਮੋਕ੍ਰੈਟਸ ਨੂੰ ਵੋਟਰਾਂ ਸਾਹਮਣੇ ਬਹੁਤ ਖੱਬੇਪੰਥੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਮਿਸ਼ੀਗਨ ਸਮੇਤ ਕੁਝ ਅਹਿਮ ਸੈਨੇਟ ਸੀਟਾਂ ਇਸ ਵਾਰ ਸੱਤਾ ਦਾ ਸੰਤੁਲਨ ਤੈਅ ਕਰ ਸਕਦੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਿਸ਼ੀਗਨ ਦਾ ਨਤੀਜਾ ਸੈਨੇਟ ‘ਤੇ ਕਬਜ਼ਾ ਕਰਨ ਵਿਚ ਨਿਰਣਾਇਕ ਸਾਬਤ ਹੋ ਸਕਦਾ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ 2018 ਵਾਲੀ ”ਬਲੂ ਵੇਵ” ਵਰਗੇ ਨਹੀਂ ਹਨ। ਇਸ ਵਾਰ ਚੋਣ ਮੁਕਾਬਲਾ ਕਾਫ਼ੀ ਸਖ਼ਤ ਅਤੇ ਦਿਲਚਸਪ ਬਣਿਆ ਹੋਇਆ ਹੈ ਅਤੇ ਅਗਲੇ ਤਿੰਨ ਮਹੀਨਿਆਂ ਦੌਰਾਨ ਆਰਥਿਕ ਹਾਲਾਤ, ਮਹਿੰਗਾਈ, ਵਿਦੇਸ਼ ਨੀਤੀ ਅਤੇ ਚੋਣ ਪ੍ਰਚਾਰ ਹੀ ਇਹ ਤੈਅ ਕਰਨਗੇ ਕਿ ਨਵੰਬਰ ਵਿਚ ਕਾਂਗਰਸ ‘ਤੇ ਕਿਸ ਪਾਰਟੀ ਦਾ ਕਬਜ਼ਾ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




