
ਬਰਨਾਲਾ, 27 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ 22 ਜੁਲਾਈ ਨੂੰ ਸਫਾਈ ਸੇਵਕਾਂ ’ਤੇ ਬਹੁਤ ਹੀ ਬੇਰਹਿਮੀ ਨਾਲ ਹਮਲਾ ਕਰਨ ਲਈ ਜ਼ਿੰਮੇਵਾਰ ਡੀ ਐਸ ਪੀ ਸਤਵੀਰ ਸਿੰਘ ਬੈਂਸ ਤੇ ਐਸ ਐਚ ਓ ਲਖਵਿੰਦਰ ਸਿੰਘ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਖਿਲਾਫ ਮੁਕੱਦਮਾ ਚਲਾਇਆ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਥੇ ਸਫਾਈ ਵਰਕਰਾਂ ਨਾਲ ਮੁਲਾਕਾਤ ਕਰ ਕੇ ਗੱਲਬਾਤ ਕੀਤੀ ਅਤੇ ਲਾਠੀ ਚਾਰਜ ਵਿਚ ਗੰਭੀਰ ਜ਼ਖ਼ਮੀ ਹੋਏ ਵਰਕਰਾਂ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ। ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਤਾਂ ਮਹਿਲਾ ਸਫਾਈ ਕਰਮਚਾਰੀਆਂ ’ਤੇ ਵੀ ਹਮਲਾ ਕੀਤਾ ਅਤੇ ਉਹਨਾਂ ਦਾ ਮਕਸਦ ਸਿਰਫ ਉਹਨਾਂ ਨੂੰ ਸਬਕ ਸਿਖਾਉਣਾ ਸੀ। ਉਹਨਾਂ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਦੀ ਸ਼ਲਾਘਾ ਕੀਤੀ ਜਿਸਨੇ 9500 ਸਫਾਈ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਤੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਉਹਨਾਂ ਨੂੰ ਫੇਲ੍ਹ ਹੀ ਕਰ ਦਿੱਤਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰੀਕੇ ਲੋਕਤੰਤਰੀ ਰੋਸ ਵਿਖਾਵੇ ਦਬਾਏ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਸਰਕਾਰ ਮੰਤਰੀ ਹਰਜੋਤ ਬੈਂਸ ਇਸ ਵਾਸਤੇ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂਕਿਹਾ ਕਿ ਆਪ ਸਰਕਾਰ ਨੇ ਮਿਉਂਸਪਲ ਚੋਣਾਂ ਦੌਰਾਨ ਸਫਾਈ ਵਰਕਰਾਂ ਨੂੰ ਭਰੋਸਾ ਦੁਆਇਆਸੀ ਕਿ ਉਹਨਾਂ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰ ਕੇ ਇਹ ਹੱਲ ਕੀਤੀਆਂ ਜਾਣਗੀਆਂ। ਉਹਨਾਂਕਿਹਾ ਕਿ ਜਦੋਂ ਚੋਣਾਂ ਮੁਕੰਮਲ ਹੋਗਈਆਂ ਤਾਂ ਸਰਕਾਰ ਸਫਾਈ ਸੇਵਕਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਭੱਜ ਗਈ। ਉਹਨਾਂ ਕਿਹਾ ਕਿ ਹੁਣ ਇਹਨਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਥਾਂ ਸਰਕਾਰ ਇਸ ਸੰਘਰਸ਼ ਨੂੰ ਤਾਕਤ ਨਾਲ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਸੂਬੇ ਵਿਚ ਸ਼ਾਂਤਮਈ ਰੋਸ ਵਿਖਾਵਿਆਂ ਨਾਲ ਨਜਿੱਠਣ ਵਾਸਤੇ ਇਹੋ ਤਰੀਕਾ ਵਰਤ ਰਹੀ ਹੈ ਤੇ ਦਿੱਲੀ ਵਿਚ ਵਿਦਿਆਰਥੀਆਂ ਦੇ ਅੰਦੋਲਨ ’ਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅਸੀਂ ਵੇਖਿਆ ਕਿ ਕਿਵੇਂ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ, ਪੀ ਐਸ ਪੀ ਸੀ ਐਲ ਦੇ ਲਾਈਨਮੈਨਾਂ ਨਾਲ ਬੇਰਹਿਮਤੀ ਨਾਲ ਕੁੱਟਮਾਰ ਕੀਤੀ ਗਈ। ਇਸੇ ਤਰੀਕੇ ਮਨਰੇਗਾ ਵਰਕਰ ਜਦੋਂ ਖੰਨਾ ਵਿਚ ਸ਼ਾਂਤਮਈ ਧਰਨਾ ਦੇ ਰਹੇ ਸਨ ਤਾਂ ਉਹਨਾਂ ’ਤੇ ਲਾਠੀਚਾਰਜ ਕੀਤਾ ਗਿਆ। ਹਣ ਪੁਲਿਸ ਨੇ ਬਰਨਾਲਾ ਵਿਚ ਸਫਾਈ ਸੇਵਕਾਂ ਖਿਲਾਫ ਤਾਕਤ ਦੀ ਵਰਤੋਂ ਕੀਤੀ ਹੈ। ਅਜਿਹਾ ਜਪਦਾ ਹੈ ਕਿ ਸੂਬਾ ਸਰਕਾਰ ਸੂਬੇ ਵਿਚ ਲਾਠੀ ਚਾਰਜ ਯੋਜਨਾ ਲਾਗੂ ਕਰਨਾ ਚਾਹੁੰਦੀ ਹੈ।
ਮੀਡੀਆ ਦੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਇਸਦੇ ਕਾਰਜਕਾਲ ਦੌਰਾਨ ਲੀਕ ਹੋਏ ਛੇ ਪੇਪਰਾਂ ਦੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ। ਉਹਨਾਂ ਕਿਹਾ ਕਿ ਸਰਕਾਰ ਇਹ ਬਿਰਤਾਂਤ ਸਿਰਜਣਾ ਚਾਹੁੰਦੀ ਹੈ ਕਿਇਹ ਸਾਰਾ ਮਾਮਲਾ ਨਕਲ ਦਾ ਹੈ ਜਦੋਂ ਕਿ ਅਸਲ ਵਿਚ ਨਕਲ ਮਾਫੀਆ ਆਪ ਲੀਡਰਸ਼ਿਪ ਨਾਲ ਰਲਿਆ ਹੈ ਜਿਸਨੇ ਪੰਜਾਬ ਦੇ ਵਿਦਿਆਰਥੀਆਂ ਦੀ ਭਵਿੱਖ ਦੀ ਕੀਮਤ ’ਤੇ ਪੇਪਰ ਲੀਕ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਇਸਨੂੰ ਅਜਾਈਂ ਨਹੀਂ ਦੇਣ ਦੇਵਾਂਗੇ। ਅਕਾਲੀ ਦਲ ਸੂਬੇ ਭਰ ਵਿਚ ਮੁਹਿੰਮ ਚਲਾ ਕੇ ਮੰਤਰੀਆਂ ਤੇ ਪੇਪਰ ਲੀਕ ਲਈ ਹੋਰ ਜ਼ਿੰਮੇਵਾਰ ਲੋਕਾਂ ਖਿਲਾਫ ਪਰਚੇ ਦਰਜ ਹੋਣੇ ਯਕੀਨੀ ਬਣਾਵੇਗਾ।
ਇਸ ਮੌਕੇ ਸੀਨੀਅਰ ਪਾਰਟੀ ਆਗੂ ਕੁਲਵੰਤ ਸਿੰਘ ਕੰਤਾ ਤੇ ਸਤਨਾਮ ਸਿੰਘ ਰਾਹੀ, ਬਿੱਟੂ ਦੀਵਾਨਾ, ਸੰਤ ਬਲਬੀਰ ਸਿੰਘ ਘੁੰਨਸ, ਰਜ਼ੀਆ ਸੁਲਤਾਨਾ ਤੇ ਬਲਵੰਤ ਕੌਰ ਖਹਿਰਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




