InternationalTop News

Canada ਪੁਲਿਸ ਦੀ ਸਭ ਤੋਂ ਵੱਡੀ ਖੋਜ, 7 ਦਿਨਾਂ ਤੋਂ ਲਾਪਤਾ ਪਾਰਕਰ ਨੂੰ ਲੱਭਣ ਲਈ 500 ਪੁਲਿਸ ਕਰਮਚਾਰੀ ਮੈਦਾਨ ‘ਚ”,

 ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਇੱਕ ਬਹੁਤ ਹੀ ਚਿੰਤਾਜਨਕ ਅਤੇ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 11 ਸਾਲ ਦਾ ਇੱਕ ਔਟਿਸਟਿਕ ਬੱਚਾ ‘ਪਾਰਕਰ’ ਪਿਛਲੇ 7 ਦਿਨਾਂ ਤੋਂ ਲਾਪਤਾ ਹੈ। ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਹਿਰ ਵਿੱਚ ਅਜਿਹਾ ਮਾਮਲਾ ਪਹਿਲਾਂ ਕਦੇ ਨਹੀਂ ਦੇਖਿਆ। ਬੱਚੇ ਦੀ ਤਲਾਸ਼ ਵਿੱਚ ਪੁਲਿਸ ਹਵਾਈ ਜਹਾਜ਼ਾਂ, ਘੋੜਿਆਂ, ਕੁੱਤਿਆਂ, ਅਤੇ ਡਰੋਨਾਂ ਦੀ ਮਦਦ ਨਾਲ 7,000 ਕਿਲੋਮੀਟਰ ਤੋਂ ਵੱਧ ਦਾ ਖੇਤਰ ਖੰਗਾਲ ਚੁੱਕੀ ਹੈ। ਪੁਲਿਸ ਵੱਲੋਂ ਘਰ-ਘਰ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ।ਜਦੋਂ ਉਹ ਗਾਇਬ ਹੋਇਆ, ਉਸ ਨੇ ਕਮੀਜ਼ ਨਹੀਂ ਪਾਈ ਸੀ, ਉਸ ਨੇ ਸਲੇਟੀ ਰੰਗ ਦੀ ਸ਼ਾਰਟਸ, ਕਾਲੇ ਸਕੈਚਰ ਜੁੱਤੇ ਅਤੇ ਕਾਲੇ ਰੰਗ ਦੇ ਨੋਇਜ਼-ਕੈਂਸਲਿੰਗ ਹੈੱਡਫੋਨ ਲਗਾਏ ਹੋਏ ਸਨ। ਪੁਲਿਸ ਨੇ ਉਸ ਦੀ ਮੈਕਨਾਈਟ ਬੁਲੇਵਾਰਡ ਅਤੇ ਸੈਂਟਰ ਸਟ੍ਰੀਟ ਦੇ ਕੋਲ ਇੱਕ ਕਾਰੋਬਾਰੀ ਥਾਂ ਤੋਂ ਆਖਰੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਉਹ ਬਿਨਾਂ ਕਮੀਜ਼ ਦੇ ਜਾਂਦਾ ਦਿਖਾਈ ਦੇ ਰਿਹਾ ਹੈ। ਪੁਲਿਸ ਦੀਆਂ ਟੀਮਾਂ ਨੇ ਨਦੀਆਂ, ਸੀਪੀਕੇਸੀ ਰੇਲ ਪਟੜੀਆਂ, ਜੰਗਲਾਂ ਅਤੇ ਨੋਜ਼ ਹਿੱਲ ਪਾਰਕ ਵਰਗੀਆਂ ਖੁੱਲ੍ਹੀਆਂ ਥਾਵਾਂ ‘ਤੇ 5,500 ਘੰਟਿਆਂ ਤੋਂ ਵੱਧ ਦਾ ਸਮਾਂ ਬਿਤਾਇਆ ਹੈ। ਸਟਾਫ ਸਾਰਜੈਂਟ ਸਕਾਟ ਗੁਟਰਸਨ ਨੇ ਕਿਹਾ ਕਿ ‘ਅਸੀਂ ਜ਼ਮੀਨ, ਹਵਾ ਅਤੇ ਪਾਣੀ—ਹਰ ਪਾਸਿਓਂ ਪਾਰਕਰ ਦੀ ਭਾਲ ਕਰ ਰਹੇ ਹਾਂ ਅਤੇ ਉਸ ਨੂੰ ਘਰ ਲਿਆਉਣ ਤੱਕ ਹਾਰ ਨਹੀਂ ਮੰਨਾਂਗੇ। ਪੁਲਿਸ ਹੁਣ ਉੱਤਰ-ਪੂਰਬੀ  ਕੈਲਗਰੀ ਦੇ ਖਾਸ ਇਲਾਕਿਆਂ ਜਿਵੇਂ ਟ੍ਰੈਵਿਸ ਸਟਰੀਟ, ਟ੍ਰੇਲੇ ਡਰਾਈਵ ਅਤੇ ਥਾਮਸ ਸਟਰੀਟ ਵਿੱਚ ਖਾਲੀ ਪਏ ਘਰਾਂ ਅਤੇ ਛੁੱਟੀਆਂ ‘ਤੇ ਗਏ ਲੋਕਾਂ ਦੀਆਂ ਜਾਇਦਾਦਾਂ ਦੀ ਇਜਾਜ਼ਤ ਲੈ ਕੇ ਤਲਾਸ਼ੀ ਲੈ ਰਹੀ ਹੈ।ਪੁਲਿਸ ਦਾ ਮੰਨਣਾ ਹੈ ਕਿ ਪਾਰਕਰ ਆਪਣੀ ਮਦਦ ਆਪ ਕਰ ਸਕਦਾ ਹੈ, ਉਹ ਟੂਟੀ ਤੋਂ ਪਾਣੀ ਅਤੇ ਫਰਿੱਜ ‘ਚੋਂ ਖਾਣਾ ਲੈਣਾ ਜਾਣਦਾ ਹੈ। ਪਰ ਕਿਉਂਕਿ ਉਹ ਦਰਵਾਜ਼ੇ ਪਿੱਛੇ ਬੰਦ ਕਰ ਲੈਂਦਾ ਹੈ, ਇਸ ਲਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਿਹੜੇ, ਗੈਰੇਜ, ਸ਼ੈੱਡ, ਆਰ.ਵੀ. ਅਤੇ ਬੰਦ ਦਰਵਾਜ਼ਿਆਂ ਦੇ ਪਿੱਛੇ ਚੰਗੀ ਤਰ੍ਹਾਂ ਜਾਂਚ ਕਰਨ। ਇੱਕ 11 ਸਾਲ ਦੇ ਔਟਿਸਟਿਕ ਬੱਚੇ ਦਾ 7 ਦਿਨਾਂ ਤੱਕ ਗੁੰਮ ਰਹਿਣਾ ਪਰਿਵਾਰ ਅਤੇ ਪੂਰੇ ਭਾਈਚਾਰੇ ਲਈ ਬਹੁਤ ਵੱਡਾ ਦਰਦ ਹੈ। ਕੈਲਗਰੀ ਵਿੱਚ ਰਹਿੰਦੇ ਸਾਡੇ ਪੰਜਾਬੀ ਭਾਈਚਾਰੇ ਅਤੇ ਆਮ ਲੋਕਾਂ ਨੂੰ ਵੀ ਬਿਨਾਂ ਪੁਲਿਸ ਕਾਰਵਾਈ ‘ਚ ਵਿਘਨ ਪਾਏ ਆਪਣੇ ਆਲੇ-ਦੁਆਲੇ ਨਜ਼ਰ ਰੱਖਣ ਦੀ ਲੋੜ ਹੈ। ਜੇਕਰ ਕਿਸੇ ਕੋਲ ਕੋਈ ਵੀ ਸੀਸੀਟੀਵੀ ਫੁਟੇਜ ਜਾਂ ਜਾਣਕਾਰੀ ਹੈ, ਤਾਂ ਉਹ ਤੁਰੰਤ ਕੈਲਗਰੀ ਪੁਲਿਸ ਨਾਲ ਸੰਪਰਕ ਕਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button