
21 ਜੁਲਾਈ ਨੂੰ ਕਿਸਾਨਾਂ ਵੱਲੋਂ ਐਲਾਨੇ ਗਏ “ਦਿੱਲੀ ਕੂਚ” ਤੋਂ ਇੱਕ ਦਿਨ ਪਹਿਲਾਂ ਸ਼ੰਭੂ ਬਾਰਡਰ ‘ਤੇ ਮੁੜ ਤਣਾਅ ਵਾਲੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਅੰਮ੍ਰਿਤਸਰ–ਦਿੱਲੀ ਜੀਟੀ ਰੋਡ (NH-44) ‘ਤੇ ਹਰਿਆਣਾ ਪੁਲਿਸ ਨੇ ਵੱਡੇ ਪੱਧਰ ‘ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਦੀ ਮਦਦ ਨਾਲ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨਾਲ ਸਬੰਧਤ ਲੰਬਿਤ ਮੰਗਾਂ ਅਤੇ ਅਮਰੀਕਾ ਨਾਲ ਹੋਣ ਵਾਲੇ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ 21 ਜੁਲਾਈ ਨੂੰ ਹਰ ਹਾਲਤ ਵਿੱਚ ਸ਼ੰਭੂ ਬਾਰਡਰ ਰਾਹੀਂ ਦਿੱਲੀ ਕੂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿੱਛੇ ਨਹੀਂ ਹਟਣਗੇ।ਸ਼ੰਭੂ ਬਾਰਡਰ ‘ਤੇ ਪੁਲਿਸ ਦੀਆਂ ਤਿਆਰੀਆਂ ਨੂੰ ਦੇਖਦਿਆਂ ਇਲਾਕੇ ਵਿੱਚ ਪਹਿਲਾਂ ਵਰਗੇ ਹਾਲਾਤ ਦੁਬਾਰਾ ਬਣਨ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਉਸ ਸਮੇਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ “ਦਿੱਲੀ ਚੱਲੋ” ਅੰਦੋਲਨ ਦੌਰਾਨ ਸ਼ੰਭੂ ਸਰਹੱਦ ‘ਤੇ ਜੀਟੀ ਰੋਡ ਲੰਬੇ ਸਮੇਂ ਲਈ ਬੰਦ ਰਿਹਾ ਸੀ, ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿਚਕਾਰ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ।ਹਲਕਾ ਘਨੌਰ ਦੇ ਲੋਕਾਂ ਵਿੱਚ ਵੀ ਇਸ ਵਾਰ ਚਿੰਤਾ ਅਤੇ ਡਰ ਦਾ ਮਾਹੌਲ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੀ ਨਾਕਾਬੰਦੀ ਦੌਰਾਨ ਘਨੌਰ ਅਤੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਭਾਰੀ ਟ੍ਰੈਫਿਕ ਦਾ ਦਬਾਅ ਪੈ ਗਿਆ ਸੀ। ਲੰਬੇ ਰੂਟਾਂ ਦੀਆਂ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਨੂੰ ਪਿੰਡਾਂ ਦੇ ਰਸਤਿਆਂ ਰਾਹੀਂ ਲੰਘਣਾ ਪਿਆ, ਜਿਸ ਨਾਲ ਸੜਕਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ‘ਤੇ ਹਾਦਸੇ ਵੀ ਵਾਪਰੇ। ਲੋਕਾਂ ਨੂੰ ਡਰ ਹੈ ਕਿ ਜੇ ਮੁੜ ਐੱਨਐੱਚ-44 ਪ੍ਰਭਾਵਿਤ ਹੁੰਦਾ ਹੈ ਤਾਂ ਆਮ ਜਨਜੀਵਨ, ਵਪਾਰ ਅਤੇ ਆਵਾਜਾਈ ਇੱਕ ਵਾਰ ਫਿਰ ਪ੍ਰਭਾਵਿਤ ਹੋ ਸਕਦੀ ਹੈ।ਫਿਲਹਾਲ ਹਾਈਵੇ ਨੂੰ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ, ਪਰ ਹਰਿਆਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਬੈਰੀਕੇਡਿੰਗ ਅਤੇ ਵਧੇ ਹੋਏ ਸੁਰੱਖਿਆ ਪ੍ਰਬੰਧਾਂ ਨੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਜ਼ਰੂਰ ਪੈਦਾ ਕਰ ਦਿੱਤਾ ਹੈ। ਪ੍ਰਸ਼ਾਸਨ ਦੀਆਂ ਅਗਲੀਆਂ ਕਾਰਵਾਈਆਂ ਅਤੇ 21 ਜੁਲਾਈ ਦੇ ਕਿਸਾਨਾਂ ਦੇ ਐਲਾਨੇ ਪ੍ਰੋਗਰਾਮ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




