PunjabTop News

ਮਾਵਾਂ ਧੀਆਂ ਸਤਿਕਾਰ ਯੋਜਨਾ’, 33 ਲੱਖ ਖਾਤਿਆਂ ’ਚ ਪਹੁੰਚੀ ਰਾਸ਼ੀ

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਸੂਬੇ ਦੀਆਂ ਯੋਗ ਔਰਤਾਂ ਨੂੰ ਅਜਿਹੇ ਸਮੇਂ ਆਰਥਿਕ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਦੋਂ ਵਧਦੇ ਘਰੇਲੂ ਖ਼ਰਚੇ, ਕਾਲਜ ਦਾਖਲਿਆਂ ਦੀ ਲਾਗਤ ਅਤੇ ਮਹਿੰਗਾਈ ਪਰਿਵਾਰਾਂ ਦੇ ਬਜਟ ‘ਤੇ ਲਗਾਤਾਰ ਦਬਾਅ ਵਧਾ ਰਹੇ ਹਨ 25 ਜੂਨ 2026 ਤੱਕ ਰਜਿਸਟ੍ਰੇਸ਼ਨ ਮੁਕੰਮਲ ਕਰਨ ਵਾਲੀਆਂ ਲਗਪਗ 33 ਲੱਖ ਮਹਿਲਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਹਾਇਤਾ ਰਾਸ਼ੀ ਸਿੱਧੀ ਭੇਜੀ ਜਾ ਚੁੱਕੀ ਹੈ, ਜਦੋਂ ਕਿ ਬਾਕੀ ਯੋਗ ਔਰਤਾਂ ਨੂੰ ਇਹ ਰਾਸ਼ੀ 1 ਅਗਸਤ ਨੂੰ ਮਿਲੇਗੀ। ਹੁਣ ਤੱਕ ਲਗਪਗ 70 ਲੱਖ ਔਰਤਾਂ ਨੇ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ।
ਯੋਜਨਾ ਦੇ ਲਾਭਪਾਤਰੀਆਂ ਦੇ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਇਹ ਸਹਾਇਤਾ ਉਨ੍ਹਾਂ ਔਰਤਾਂ ਤੱਕ ਪਹੁੰਚ ਰਹੀ ਹੈ, ਜੋ ਜ਼ਿੰਦਗੀ ਦੇ ਅਜਿਹੇ ਪੜਾਅ ਵਿੱਚ ਹਨ, ਜਿੱਥੇ ਆਰਥਿਕ ਜ਼ਿੰਮੇਵਾਰੀਆਂ ਸਭ ਤੋਂ ਵੱਧ ਹੁੰਦੀਆਂ ਹਨ। ਕੁੱਲ ਲਾਭਪਾਤਰੀਆਂ ਵਿੱਚੋਂ 36-45 ਸਾਲ ਉਮਰ ਵਰਗ ਦੀਆਂ ਔਰਤਾਂ ਦੀ ਹਿੱਸੇਦਾਰੀ 25.2 ਫੀਸਦੀ ਅਤੇ 46-59 ਸਾਲ ਉਮਰ ਵਰਗ ਦੀਆਂ ਔਰਤਾਂ ਦੀ ਹਿੱਸੇਦਾਰੀ 25.4 ਫੀਸਦੀ ਹੈ। ਇਸ ਤਰ੍ਹਾਂ, 50 ਫੀਸਦੀ ਤੋਂ ਵੱਧ ਲਾਭਪਾਤਰੀ 36 ਤੋਂ 59 ਸਾਲ ਦੀ ਉਮਰ ਦੇ ਹਨ।
ਜ਼ਿੰਦਗੀ ਦੇ ਇਸੇ ਦੌਰ ਵਿੱਚ ਪਰਿਵਾਰਾਂ ‘ਤੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਪਰਿਵਾਰਾਂ ਨੂੰ ਬੱਚਿਆਂ ਦੀ ਸਿੱਖਿਆ, ਕਾਲਜ ’ਚ ਦਾਖਲਾ, ਵਿਆਹ, ਸਿਹਤ ਸੰਭਾਲ, ਮਕਾਨ, ਲੋਨ ਦੀਆਂ ਕਿਸ਼ਤਾਂ, ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਅਤੇ ਆਪਣੇ ਭਵਿੱਖ ਦੀ ਯੋਜਨਾ ਵਰਗੀਆਂ ਅਨੇਕਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅਜਿਹੇ ਸਮੇਂ ਹਰ ਰੁਪਏ ਦੀ ਅਹਿਮੀਅਤ ਬਹੁਤ ਵੱਧ ਜਾਂਦੀ ਹੈ। ਅਜਿਹੇ ਸਮੇਂ ਵਿੱਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਿਲਣ ਵਾਲੀ ਮਾਸਿਕ ਆਰਥਿਕ ਸਹਾਇਤਾ ਔਰਤਾਂ ਨੂੰ ਪਰਿਵਾਰ ਦੇ ਖ਼ਰਚਿਆਂ ਵਿੱਚ ਸਿੱਧਾ ਯੋਗਦਾਨ ਪਾਉਣ ਅਤੇ ਜ਼ਰੂਰੀ ਲੋੜਾਂ ਦਾ ਬੋਝ ਘਟਾਉਣ ਵਿੱਚ ਮਦਦ ਕਰ ਰਹੀ ਹੈ।

ਕਈ ਪਰਿਵਾਰਾਂ ਲਈ ਇਹ ਸਹਾਇਤਾ ਸਿੱਖਿਆ, ਸਿਹਤ ਅਤੇ ਰੋਜ਼ਾਨਾ ਦੇ ਘਰੇਲੂ ਖ਼ਰਚਿਆਂ ਦਾ ਇੱਕ ਮਹੱਤਵਪੂਰਨ ਸਹਾਰਾ ਬਣ ਗਈ ਹੈ।
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਢਾਣੀ ਖਰਾਸਵਾਲੀ ਦੀ 48 ਸਾਲਾ ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਮਾਸਿਕ ਸਹਾਇਤਾ ਨਾਲ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ, “ਮੇਰੀ ਬੇਟੀ ਬੀ.ਟੈਕ ਦੀ ਪੜ੍ਹਾਈ ਕਰ ਰਹੀ ਹੈ ਅਤੇ ਬੇਟਾ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ।
ਮੈਂ ਇਸ ਰਾਸ਼ੀ ਦਾ ਜ਼ਿਆਦਾਤਰ ਹਿੱਸਾ ਬੇਟੇ ਦੀ ਸਕੂਲ ਫੀਸ ਭਰਨ ਵਿੱਚ ਲਗਾਇਆ ਅਤੇ ਬਾਕੀ ਪੈਸੇ ਆਪਣੇ ਪਤੀ ਨੂੰ ਦੇ ਦਿੱਤੇ। ਘਰੇਲੂ ਮਹਿਲਾ ਹੋਣ ਕਰਕੇ ਮੇਰੀ ਆਪਣੀ ਕੋਈ ਆਮਦਨ ਨਹੀਂ ਹੈ, ਇਸ ਲਈ ਇਸ ਸਹਾਇਤਾ ਨਾਲ ਮੈਨੂੰ ਪਰਿਵਾਰ ਦੀਆਂ ਲੋੜਾਂ ਵਿੱਚ ਯੋਗਦਾਨ ਪਾਉਣ ਦਾ ਸੰਤੋਸ਼ ਮਿਲਿਆ ਹੈ। ਮੇਰੇ ਪਤੀ ਵੀ ਇਸ ਸਹਿਯੋਗ ਤੋਂ ਬਹੁਤ ਖ਼ੁਸ਼ ਹਨ। ਪਹਿਲਾਂ ਸਾਨੂੰ ਮੁਫ਼ਤ ਬਿਜਲੀ ਮਿਲੀ, ਫਿਰ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲਿਆ ਅਤੇ ਹੁਣ ਇਹ ਮਾਸਿਕ ਆਰਥਿਕ ਸਹਾਇਤਾ ਮਿਲ ਰਹੀ ਹੈ। ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਔਰਤਾਂ ਲਈ ਕਈ ਜਨ-ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ।”

ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਆਰਥਿਕ ਤਣਾਅ ਘਟਿਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਵਿੱਚ ਮਦਦ ਮਿਲੀ ਹੈ।
ਫਿਰੋਜ਼ਪੁਰ ਦੇ ਵਾਰਡ ਨੰਬਰ 17 ਦੀ 55 ਸਾਲਾ ਪੱਛੋ ਲਈ ਇਹ ਯੋਜਨਾ ਜ਼ਿੰਦਗੀ ਦੇ ਬੇਹੱਦ ਮੁਸ਼ਕਿਲ ਦੌਰ ਵਿੱਚ ਵੱਡੀ ਰਾਹਤ ਲੈ ਕੇ ਆਈ ਹੈ। ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਉਹ ਆਪਣੀ ਤਲਾਕਸ਼ੁਦਾ ਬੇਟੀ ਅਤੇ ਦੋਹਤੇ ਨਾਲ ਰਹਿੰਦੀ ਹੈ ਅਤੇ ਲੰਮੇ ਸਮੇਂ ਤੋਂ ਖ਼ਰਾਬ ਸਿਹਤ ਤੇ ਸੀਮਤ ਆਰਥਿਕ ਸਾਧਨਾਂ ਕਾਰਨ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰ ਰਹੀ ਹੈ।
ਉਨ੍ਹਾਂ ਕਿਹਾ, “ਮੈਂ ਇਸ ਰਾਸ਼ੀ ਦਾ ਕੁਝ ਹਿੱਸਾ ਆਪਣੇ ਇਲਾਜ ‘ਤੇ ਖ਼ਰਚ ਕੀਤਾ ਅਤੇ ਬਾਕੀ ਘਰੇਲੂ ਲੋੜਾਂ ਲਈ ਬਚਾ ਕੇ ਰੱਖ ਲਿਆ। ਮੇਰੇ ਪਤੀ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਉਦੋਂ ਤੋਂ ਅਸੀਂ ਮੁਸ਼ਕਿਲ ਹਾਲਾਤ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ। ਭਗਵੰਤ ਮਾਨ ਸਰਕਾਰ ਦੀ ਇਹ ਸਹਾਇਤਾ ਸਾਡੇ ਲਈ ਬਹੁਤ ਵੱਡਾ ਸਹਾਰਾ ਬਣੀ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button