
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਇੱਕ ਜੇ.ਈ. ਨੂੰ ਕਥਿਤ ਤੌਰ ‘ਤੇ ਚਿੱਟੇ (ਨਸ਼ੇ) ਦੇ ਝੂਠੇ ਮਾਮਲੇ ਵਿਚ ਫਸਾਉਣ ਸਬੰਧੀ ਚੱਲ ਰਹੀ ਜਾਂਚ ਦੌਰਾਨ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਇਸ ਸਾਜ਼ਿਸ਼ ਵਿਚ ਡੀ.ਐੱਸ.ਪੀ. ਸਬ-ਡਵੀਜ਼ਨ ਜਲਾਲਾਬਾਦ ਦਾ ਨਾਂਅ ਸਾਹਮਣੇ ਆਉਣ ਨਾਲ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ ਹੈ। ਇਸ ਮਾਮਲੇ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਮਾਣਯੋਗ ਅਦਾਲਤ ਵਿਚ ਡੀ.ਐੱਸ.ਪੀ. ਜਲਾਲਾਬਾਦ ਦੇ ਖ਼ਿਲਾਫ਼ ਬਿਆਨ ਦਰਜ ਕਰਵਾਉਣ ਤੋਂ ਬਾਅਦ, ਥਾਣਾ ਮੰਡੀ ਅਰਨੀਵਾਲਾ ਪੁਲਿਸ ਨੇ ਮਾਣਯੋਗ ਅਦਾਲਤ ਦੇ ਹੁਕਮਾਂ ‘ਤੇ ਡੀ.ਐੱਸ.ਪੀ. ਨੂੰ ਵੀ ਇਸ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਹੈ, ਜਿਸ ਦੀ ਇਲਾਕੇ ਵਿਚ ਖ਼ੂਬ ਚਰਚਾ ਹੈ।
ਵਰਨਣਯੋਗ ਹੈ ਕਿ ਅਮਿਤ ਕੁਮਾਰ (ਜੇ.ਈ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਵਾਸੀ ਮੰਡੀ ਰੋੜਾਂਵਾਲੀ ਨੇ ਥਾਣਾ ਅਰਨੀਵਾਲਾ ਵਿਖੇ ਬਿਆਨ ਦਰਜ ਕਰਵਾਇਆ ਸੀ ਕਿ ਮਿਤੀ 3 ਜੂਨ ਨੂੰ ਸਵੇਰੇ ਜਦੋਂ ਉਹ ਆਪਣੀ ਕਾਰ ਰਾਹੀਂ ਮੰਡੀ ਰੋੜਾਂਵਾਲੀ ਤੋਂ ਅਰਨੀਵਾਲਾ ਆਪਣੀ ਡਿਊਟੀ ‘ਤੇ ਜਾ ਰਿਹਾ ਸੀ, ਤਾਂ ਰਸਤੇ ਵਿਚ ਗੰਗ ਕੈਨਾਲ ਪੁਲ ‘ਤੇ ਉਹ ਨਹਿਰ ਦੇ ਕੰਢੇ ਲੱਗੇ ਨਲਕੇ ਤੋਂ ਕਾਰ ਵਿਚ ਰੱਖੇ ਵਾਟਰ ਕੂਲਰ ‘ਚ ਪਾਣੀ ਭਰਨ ਲੱਗਾ। ਇਸੇ ਦੌਰਾਨ ਅਚਾਨਕ ਇੱਕ ਸਵਿਫ਼ਟ ਕਾਰ ‘ਚ ਸਵਾਰ ਤਿੰਨ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਗੱਡੀ ਦੀ ਤਲਾਸ਼ੀ ਲੈਂਦਿਆਂ ਕਾਰ ਦੀ ਸੀਟ ਹੇਠੋਂ ਇੱਕ ਪੈਕੇਟ ਬਰਾਮਦ ਕੀਤਾ। ਇਸ ਪੈਕੇਟ ਬਾਰੇ ਜੇ.ਈ. ਨੂੰ ਕੋਈ ਜਾਣਕਾਰੀ ਨਹੀਂ ਸੀ।
ਇੰਨੇ ਨੂੰ ਉੱਥੇ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਮੌਕੇ ‘ਤੇ ਡੀ.ਐੱਸ.ਪੀ. ਜਲਾਲਾਬਾਦ ਗੁਰਸੇਵਕ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਉੱਥੇ ਡੀ.ਐੱਸ.ਪੀ. ਵੱਲੋਂ ਜੇ.ਈ. ਕੋਲੋਂ ਪੁੱਛਗਿੱਛ ਕੀਤੀ ਗਈ। ਲੋਕਾਂ ਦਾ ਭਾਰੀ ਇਕੱਠ ਹੋ ਜਾਣ ਕਾਰਨ ਅਤੇ ਮਾਮਲਾ ਸ਼ੱਕੀ ਜਾਪਦਾ ਹੋਣ ਕਰਕੇ, ਅਗਲੀ ਕਾਰਵਾਈ ਲਈ ਜੇ.ਈ. ਨੂੰ ਬਰਾਮਦ ਸ਼ੁਦਾ ਪੈਕੇਟ ਸਮੇਤ ਸੀ.ਆਈ.ਏ. ਸਟਾਫ਼ ਫਾਜ਼ਿਲਕਾ ਵਿਖੇ ਲਿਜਾਇਆ ਗਿਆ। ਉੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਜਦੋਂ ਇਸ ਪੈਕੇਟ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ, ਤਾਂ ਉਸ ਵਿਚੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਜਿਸ ਕਰਕੇ ਜੇ.ਈ. ਨੂੰ ਉੱਥੋਂ ਫਾਰਗ ਕਰ ਦਿੱਤਾ ਗਿਆ ਸੀ।
ਇਸ ਘਟਨਾ ਤੋਂ ਬਾਅਦ ਪੀੜਤ ਜੇ.ਈ. ਵੱਲੋਂ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਿਆ ਕਿ ਮਿਤੀ 2 ਜੂਨ 2026 ਦੀ ਰਾਤ ਨੂੰ ਸੁਖਜਿੰਦਰ ਸਿੰਘ ਉਰਫ਼ ਸ਼ਮੀ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਅਰੋੜਾ ਵਾਲਾ ਉਰਫ਼ ਤੰਬੂ ਵਾਲਾ, ਸਾਗਰ ਪੁੱਤਰ ਚੰਦਰਪਾਲ ਅਤੇ ਰਾਜਨ ਕੁਮਾਰ ਉਰਫ਼ ਨੰਨੂ ਪੁੱਤਰ ਸੁਰਿੰਦਰ ਕੁਮਾਰ ਵਾਸੀਆਨ ਮੰਡੀ ਰੋੜਾਂਵਾਲੀ ਨੇ ਇੱਕ ਸਾਜ਼ਿਸ਼ ਤਹਿਤ ਉਸ ਦੀ ਕਾਰ ਦੀ ਸੀਟ ਹੇਠਾਂ ਭੂਰੇ ਰੰਗ ਦੀ ਟੇਪ ਨਾਲ ਲਪੇਟ ਕੇ ਉਹ ਪੈਕੇਟ ਰੱਖਿਆ ਸੀ, ਤਾਂ ਜੋ ਉਸ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਝੂਠਾ ਮੁਕੱਦਮਾ ਦਰਜ ਕਰਵਾਇਆ ਜਾ ਸਕੇ। ਪੁਲਿਸ ਨੇ ਮੁਦਈ ਜੇ.ਈ. ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਅਰਨੀਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਸੀ।
ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਜਦੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਤਾਂ ਦੋਸ਼ੀਆਂ ਨੇ ਅਦਾਲਤ ਦੇ ਸਾਹਮਣੇ ਬਿਆਨ ਦਰਜ ਕਰਵਾਏ ਕਿ ਇਸ ਸਾਰੀ ਸਾਜ਼ਿਸ਼ ਅਤੇ ਘਟਨਾ ਵਿਚ ਗੁਰਸੇਵਕ ਸਿੰਘ, ਡੀ.ਐੱਸ.ਪੀ. ਸਬ-ਡਵੀਜ਼ਨ ਜਲਾਲਾਬਾਦ ਵੀ ਬਰਾਬਰ ਸ਼ਾਮਲ ਹਨ। ਮੁਲਜ਼ਮਾਂ ਦੇ ਇਸ ਬਿਆਨ ‘ਤੇ ਸਖ਼ਤ ਨੋਟਿਸ ਲੈਂਦਿਆਂ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮਿਤੀ 15-07-2026 ਨੂੰ ਡੀ.ਐੱਸ.ਪੀ. ਗੁਰਸੇਵਕ ਸਿੰਘ ਨੂੰ ਵੀ ਇਸ ਮੁਕੱਦਮੇ ਵਿਚ ਬਤੌਰ ਮੁਲਜ਼ਮ ਨਾਮਜ਼ਦ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਅਗਲੀ ਕਾਰਵਾਈ ਅਤੇ ਤਫ਼ਤੀਸ਼ ਲਗਾਤਾਰ ਜਾਰੀ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਡੀ.ਐੱਸ.ਪੀ. ਖ਼ਿਲਾਫ਼ ਬਣਦੀ ਵਿਭਾਗੀ ਕਰਨ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




