
ਮੁਹਾਲੀ ਦੀ ਇੱਕ ਅਦਾਲਤ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਉਤੇ 2018 ਵਿੱਚ ਹੋਏ ਜਾਨਲੇਵਾ ਹਮਲੇ ਦੇ ਕੇਸ ਵਿੱਚ ਜਾਂਚ ਤੇ ਸੁਣਵਾਈ ਦੌਰਾਨ ਹੋ ਰਹੀ ਲਾਪਰਵਾਹੀ ਉਤੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਅਦਾਲਤ ਨੇ ਕੇਸ ਵਿੱਚ ਵਾਰ-ਵਾਰ ਹੋ ਰਹੀ ਦੇਰੀ ਉਤੇ ਨਾਰਾਜ਼ਗੀ ਜਤਾਉਂਦਿਆਂ ਡੀਆਈਜੀ ਰੂਪਨਗਰ ਰੇਂਜ ਡਾ. ਨਾਨਕ ਸਿੰਘ ਨੂੰ ਪੱਤਰ ਲਿਖ ਕੇ ਗਵਾਹਾਂ ਤੇ ਸਬੂਤਾਂ ਦੀ ਪੇਸ਼ੀ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਗੁਰਕੀਰਤ ਸਿੰਘ, ਏਐੱਸਆਈ ਸੁਖਪਾਲ ਸਿੰਘ ਅਤੇ ਏਐੱਸਆਈ ਜਸਪਾਲ ਸਿੰਘ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਜੇਲ੍ਹ ਵਿੱਚ ਬੰਦ ਮੁਲਜ਼ਮ ਦਿਲਪ੍ਰੀਤ ਸਿੰਘ ਬਾਬਾ, ਸੁਖਪ੍ਰੀਤ ਬੁੱਢਾ, ਆਸ਼ੀਸ਼ ਅਤੇ ਹਰਜਿੰਦਰ ਸਿੰਘ ਨੂੰ 20 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤੇ ਗਏ ਹਨ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ 18 ਜਨਵਰੀ 2024 ਨੂੰ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਹੋ ਚੁੱਕੇ ਹਨ ਪਰ ਇਸਤਗਾਸਾ ਪੱਖ ਨੂੰ ਕਈ ਮੌਕੇ ਮਿਲਣ ਦੇ ਬਾਵਜੂਦ ਸਬੂਤ ਪੂਰੇ ਨਹੀਂ ਕੀਤੇ ਗਏ। ਇਸ ਕਾਰਨ ਕੇਸ ਦੀ ਸੁਣਵਾਈ ਵਿੱਚ ਬੇਲੋੜੀ ਦੇਰੀ ਹੋਈ ਹੈ। ਅਦਾਲਤ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਇਸਤਗਾਸਾ ਪੱਖ ਨੂੰ ਸਾਰੇ ਸਬੂਤ ਪੇਸ਼ ਕਰਨ ਲਈ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਦਿਲਪ੍ਰੀਤ ਸਿੰਘ ਬਾਬਾ, ਹਰਜਿੰਦਰ ਸਿੰਘ, ਵਿਸ਼ਾਲ ਵਧਵਾ, ਸੁਖਪ੍ਰੀਤ ਬੁੱਢਾ ਅਤੇ ਆਸ਼ੀਸ਼ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਦੰਗਾ, ਅਪਰਾਧਿਕ ਸਾਜ਼ਿਸ਼, ਸਬੂਤ ਮਿਟਾਉਣ ਅਤੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਜਦਕਿ ਅਰਸ਼ਦੀਪ ਸਿੰਘ ਅਤੇ ਅਰੁਣ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਨ ਰਿਹਾਅ ਕਰ ਦਿੱਤਾ ਗਿਆ ਸੀ। ਇਹ ਹਮਲਾ 13 ਅਪ੍ਰੈਲ 2018 ਦੀ ਰਾਤ ਨੂੰ ਹੋਇਆ ਸੀ।
ਜਾਂਚ ਮੁਤਾਬਕ ਪਰਮੀਸ਼ ਵਰਮਾ ਤੋਂ ਫਿਰੌਤੀ ਮੰਗੀ ਗਈ ਸੀ ਅਤੇ ਇਨਕਾਰ ਕਰਨ ਉਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਉਸ ਦੇ ਸਾਥੀਆਂ ਨੇ ਚੰਡੀਗੜ੍ਹ ਤੋਂ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਮੁਹਾਲੀ ਦੇ ਸੈਕਟਰ-91 ਨੇੜੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦੇ ਦੋਸਤ ਕੁਲਵੰਤ ਚਾਹਲ ਜ਼ਖ਼ਮੀ ਹੋ ਗਏ ਸਨ। ਹਮਲੇ ਦੇ ਅਗਲੇ ਦਿਨ ਦਿਲਪ੍ਰੀਤ ਬਾਬਾ ਨੇ ਫੇਸਬੁੱਕ ਪੋਸਟ ਰਾਹੀਂ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




