
ਖੰਨਾ ‘ਚ ਬੁੱਧਵਾਰ ਨੂੰ ਮਨਰੇਗਾ ਕਰਮਚਾਰੀਆਂ ਅਤੇ ਵਰਕਰਾਂ ਦੇ ਪ੍ਰਦਰਸ਼ਨ ਦੌਰਾਨ ਤਣਾਅ ਪੈਦਾ ਹੋ ਗਿਆ। ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਨਿਵਾਸ ਵੱਲ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਕਾਰਵਾਈ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਮਹਿਲਾ ਕਰਮਚਾਰੀ ਵੀ ਸ਼ਾਮਲ ਹਨ।
ਮਨਰੇਗਾ ਕਰਮਚਾਰੀਆਂ ਅਤੇ ਵਰਕਰਾਂ ਨੇ ਵਿਭਾਗ ਵਿੱਚ ਪੱਕੀ ਨਿਯੁਕਤੀ, ਕਈ ਮਹੀਨਿਆਂ ਤੋਂ ਬਕਾਇਆ ਪੈਸੇ ਜਾਰੀ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਪੱਧਰ ‘ਤੇ ਖੰਨਾ ਵਿੱਚ ਵੱਡੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਇਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਕਰਮਚਾਰੀ ਖੰਨਾ ਦੇ ਪ੍ਰੇਮ ਭੰਡਾਰੀ ਪਾਰਕ ਵਿੱਚ ਇਕੱਠੇ ਹੋਏ।
‘ਆਪ’ ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ ‘ਚ ਸ਼ਾਮਲ ਹੋਏ..
ਪ੍ਰਦਰਸ਼ਨਕਾਰੀਆਂ ਨੇ ਕੱਢਿਆ ਰੋਸ ਮਾਰਚ
ਪਾਰਕ ਵਿੱਚ ਸਭਾ ਕਰਨ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀ ਰੋਸ ਮਾਰਚ ਕਰਦੇ ਹੋਏ ਅਮਲੋਹ ਰੋਡ ਸਥਿਤ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਨਿਵਾਸ ਵੱਲ ਰਵਾਨਾ ਹੋਏ। ਮੰਤਰੀ ਦੇ ਘਰ ਦੇ ਬਾਹਰ ਪਹਿਲਾਂ ਹੀ ਭਾਰੀ ਪੁਲਿਸ ਬਲ ਤਾਇਨਾਤ ਸੀ। ਪੁਲਿਸ ਨੇ ਸੜਕ ‘ਤੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਹਟਾ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ ਹੋ ਗਈ। ਹਾਲਾਤ ਵਿਗੜਦੇ ਦੇਖ ਪੁਲਿਸ ਨੇ ਪਹਿਲਾਂ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਬਾਅਦ ਵਿੱਚ ਭੀੜ ਨੂੰ ਖ਼ਦੇੜਣ ਲਈ ਲਾਠੀਚਾਰਜ ਕੀਤਾ। ਇਸ ਦੌਰਾਨ ਹੋਈ ਭਗਦੜ ਵਿੱਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ।
ਪ੍ਰਦਰਸ਼ਨਕਾਰੀਆਂ ਦਾ ਆਰੋਪ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨ ‘ਤੇ ਬੇਲੋੜਾ ਬਲ ਵਰਤਿਆ, ਜਦਕਿ ਉਹ ਸਿਰਫ਼ ਆਪਣੀਆਂ ਮੰਗਾਂ ਮੰਤਰੀ ਤੱਕ ਪਹੁੰਚਾਉਣਾ ਚਾਹੁੰਦੇ ਸਨ
ਜ਼ਖ਼ਮੀ ਕਰਮਚਾਰੀਆਂ ਵਿੱਚ ਕਈ ਮਹਿਲਾ ਵਰਕਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੌਕੇ ‘ਤੇ ਮੁੱਢਲਾ ਇਲਾਜ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਮਨਰੇਗਾ ਕਰਮਚਾਰੀ ਪਿਛਲੇ 18 ਸਾਲਾਂ ਤੋਂ ਪਿੰਡਾਂ ਦੇ ਵਿਕਾਸ ਲਈ ਸੇਵਾਵਾਂ ਦੇ ਰਹੇ ਹਨ, ਪਰ ਅੱਜ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦੀ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਖੰਨਾ ਦੀ ਇਸ ਘਟਨਾ ਦੀ ਵੀਡੀਓ ਦੇਖ ਕੇ ਉਨ੍ਹਾਂ ਨੂੰ ਗਹਿਰਾ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਬਕਾਇਆ ਮਨਰੇਗਾ ਮਜ਼ਦੂਰੀ ਦੀ ਮੰਗ ਲਈ ਸ਼ਾਂਤੀਪੂਰਵਕ “ਸਤਿਨਾਮ ਵਾਹਿਗੁਰੂ” ਦਾ ਜਾਪ ਕਰ ਰਹੇ ਸਨ, ਪਰ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡ ਦਿੱਤੇ।
ਵੜਿੰਗ ਨੇ ਕਿਹਾ ਕਿ ਜਦੋਂ ਆਪਣੀ ਮਿਹਨਤ ਦੀ ਕਮਾਈ ਮੰਗਣ ਵਾਲੇ ਮਜ਼ਦੂਰਾਂ ਨਾਲ ਅਪਰਾਧੀਆਂ ਵਾਂਗ ਵਰਤਾਅ ਕੀਤਾ ਜਾਂਦਾ ਹੈ ਤਾਂ ਇਹ ਸਰਕਾਰ ਦੀਆਂ ਤਰਜੀਹਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜੋ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦੀ ਹੈ, ਉਸ ਨੂੰ ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਨਾ ਕਿ ਬਲ ਪ੍ਰਯੋਗ ਕਰਕੇ ਉਨ੍ਹਾਂ ਨੂੰ ਚੁੱਪ ਕਰਵਾਉਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




