
ਮੁੱਖ ਮੰਤਰੀ ਭਗਵੰਤ ਮਾਨ 11 ਜੂਨ ਨੂੰ ਹੋਣ ਵਾਲੀ ਨੀਤੀ ਕਮਿਸ਼ਨ ਦੀ ਗਰਵਨਿੰਗ ਕੌਂਸਲ ਦੀ ਬੈਠਕ ਵਿਚ ਪੰਜਾਬ ਸਰਕਾਰ ਦੀ ਸਿੱਖਿਆ, ਸਿਹਤ, ਖੇਤੀਬਾੜੀ ਤੇ ਉਦਯੋਗਿਕ ਵਿਕਾਸ ਨਾਲ ਜੁੜੀਆਂ ਮੁੱਖ ਉਪਲਬਧੀਆਂ ਦੀ ਰਿਪੋਰਟ ਕਾਰਡ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਯੋਜਿਤ ਹੋਣ ਵਾਲੀ ਇਸ ਅਹਿਮ ਬੈਠਕ ਵਿਚ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਹਿੱਸਾ ਲੈਣਗੇ ਤੇ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਆਪਣਾ ਪੱਖ ਰੱਖਣਗੇ।
ਮੁੱਖ ਮੰਤਰੀ ਮਾਨ ਬੈਠਕ ਦੌਰਾਨ ਸਿੱਖਿਆ ਖੇਤਰ ਵਿਚ ਕੀਤੇ ਗਏ ਸੁਧਾਰਾਂ ਨੂੰ ਚੁੱਕਣਗੇ। ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਵੱਡੇ ਪੱਧਰ ‘ਤੇ ਸੁਧਾਰ ਕੀਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ ਦਾ ਰੁਖ਼ ਕੀਤਾ ਹੈ। ਬੈਠਕ ਵਿਚ ਸਕੂਲ ਆਫ ਐਕਸੀਲੈਂਸ ਦੀ ਸਥਾਪਨਾ, ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲਾਂ ਦੇ ਵਿਕਾਸ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵਧਦੀ ਸਫਲਤਾ ਦਾ ਵੀ ਜ਼ਿਕਰ ਕੀਤਾ ਜਾਵੇਗਾ।
ਸੂਬਾ ਸਰਕਾਰ ਇਨ੍ਹਾਂ ਪਹਿਲੂਆਂ ਨੂੰ ਸਿੱਖਿਆ ਖੇਤਰ ਵਿਚ ਬਦਲਾਅ ਵਜੋਂ ਪੇਸ਼ ਕਰਨ ਦੀ ਤਿਆਰੀ ਵਿਚ ਹੈ। ਖੇਤੀਬਾੜੀ ਖੇਤਰ ਵਿਚ ਮੁੱਖ ਮੰਤਰੀ ਸਿੰਚਾਈ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਨਗੇ। ਸਰਕਾਰ ਦਾ ਕਹਿਣਾ ਹੈ ਕਿ ਸਾਲਾਂ ਤੋਂ ਬੰਦ ਪਈਆਂ ਕਈ ਨਹਿਰਾਂ ਨੂੰ ਦੁਬਾਰਾ ਚਾਲੂ ਕੀਤਾ ਗਿਆ ਹੈ। ਇਸ ਦੇ ਚੱਲਦੇ ਖੇਤੀ ਲਈ ਨਹਿਰੀ ਪਾਣੀ ਦੀ ਉਪਲਬਧਤਾ ਵਧੀ ਹੈ।
ਸਿਹਤ ਖੇਤਰ ਵਿਚ ਮੁੱਖ ਮੰਤਰੀ ਮਾਨ ਨੇ ਹੁਣੇ ਜਿਹੇ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਸਰਕਾਰ ਦੀ ਮੁੱਖ ਉਪਲਬਧੀ ਦੱਸਿਆ। ਇਸ ਤੋਂ ਇਲਾਵਾ ਲੋਕਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ, ਸਰਕਾਰੀ ਹਸਪਤਾਲਾਂ ਵਿਚ ਸਹੂਲਤਾਂ ਦਾ ਵਿਸਤਾਰ ਤੇ ਸਿਹਤ ਖੇਤਰ ਵਿਚ ਕੀਤੇ ਗਏ ਹੋਰ ਸੁਧਾਰਾਂ ਦੀ ਜਾਣਕਾਰੀ ਬੈਠਕ ਵਿਚ ਦਿੱਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




