
ਜੰਮੂ ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅਚਾਨਕ ਇੱਕ ਤਕਨੀਕੀ ਖਰਾਬੀ ਕਾਰਨ ਗੋਂਡੋਲਾ ਕੇਬਲ ਕਾਰ ਸੇਵਾ ਬੰਦ ਹੋ ਗਈ, ਜਿਸ ਕਾਰਨ ਲਗਭਗ 300 ਸੈਲਾਨੀ ਕੇਬਲ ਕਾਰ ਦੇ ਡੱਬਿਆਂ ਵਿੱਚ ਫਸ ਗਏ। ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਸੈਲਾਨੀਆਂ ਵਿੱਚ ਦਹਿਸ਼ਤ ਫੈਲ ਗਈ। ਫਿਲਹਾਲ ਬਚਾਅ ਕਾਰਜ ਚੱਲ ਰਹੇ ਹਨ ਅਤੇ ਸੈਲਾਨੀਆਂ ਨੂੰ ਕੇਬਲ ਕਾਰ ਤੋਂ ਹੇਠਾਂ ਉਤਾਰਿਆ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਤਕਨੀਕੀ ਸਮੱਸਿਆ ਕਾਰਨ ਗੋਂਡੋਲਾ ਸੇਵਾ ਨੂੰ ਤੁਰੰਤ ਰੋਕਣਾ ਪਿਆ। ਸੂਚਨਾ ਮਿਲਣ ‘ਤੇ ਫੌਜ ਦੀ 9ਵੀਂ ਰਾਜ ਰਾਈਫਲਜ਼, ਜੰਮੂ ਕਸ਼ਮੀਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਇੱਕ ਸਾਂਝੀ ਬਚਾਅ ਟੀਮ ਮੌਕੇ ‘ਤੇ ਪਹੁੰਚੀ ਅਤੇ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਤੰਗਮਰਗ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਅਤੇ ਤਹਿਸੀਲਦਾਰ ਵੀ ਬਚਾਅ ਕਾਰਜ ਦੀ ਨਿਗਰਾਨੀ ਲਈ ਮੌਕੇ ‘ਤੇ ਪਹੁੰਚੇ। ਰਾਹਤ ਅਤੇ ਬਚਾਅ ਕਾਰਜ ਤੇਜ਼ ਰਫ਼ਤਾਰ ਨਾਲ ਜਾਰੀ ਰਹੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਤੇਜੀ ਨਾਲ ਚੱਲਦੀ ਰਹੀ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਗੋਂਡੋਲਾ ਦੇ ਅਚਾਨਕ ਰੁਕਣ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਕਈ ਸੈਲਾਨੀ ਡਰ ਗਏ। ਹਾਲਾਂਕਿ, ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਹੇਠ ਐਲਾਨ ਕੀਤਾ ਅਤੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ ਅਤੇ ਬਚਾਅ ਕਾਰਜ ਸੁਚਾਰੂ ਢੰਗ ਨਾਲ ਚਲਾਇਆ ਗਿਆ।
ਇਸ ਦੌਰਾਨ ਤਕਨੀਕੀ ਟੀਮਾਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਉਹ ਕੇਬਲ ਕਾਰ ਦੀ ਖਰਾਬੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਗੋਂਡੋਲਾ ਸਰਵਿਸ ਨੂੰ ਮੁੜ ਚਾਲੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਪੂਰੀ ਸੁਰੱਖਿਆ ਜਾਂਚ ਤੋਂ ਬਾਅਦ ਹੀ ਸੇਵਾ ਬਹਾਲ ਕੀਤੀ ਜਾਵੇਗੀ। ਦੱਸ ਦੇਈਏ ਕਿ ਗੁਲਮਰਗ ਗੋਂਡੋਲਾ ਨੂੰ ਏਸ਼ੀਆ ਦੀ ਸਭ ਤੋਂ ਉੱਚੀ ਅਤੇ ਦੁਨੀਆ ਦੀਆਂ ਮੋਹਰੀ ਕੇਬਲ ਕਾਰ ਸੇਵਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਹਰ ਸਾਲ ਭਾਰਤ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




