
ਚੰਡੀਗੜ੍ਹ, 9 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਪ੍ਰਸਤੀ ਹੇਠ ਚਲ ਰਹੇ ਸਾਰੇ ਜ਼ਮੀਨ, ਬਿਜਲੀ, ਹਾਊਸਿੰਗ ਤੇ ਪ੍ਰਾਪਰਟੀ ਡੀਲਰ ਮਾਫੀਆ ਦੀ ਸਮਾਂ ਹੱਦ ਜਾਂਚ ਕਰਵਾਈ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਈ ਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਨੇ ਸੂਬੇ ਵਿਚ ਚਲ ਰਹੇ ਵਿੱਤੀ ਬੇਨਿਯਮੀਆਂ ਦੇ ਘੁਟਾਲੇ ਦਾ ਭਾਂਡਾ ਭੰਨਿਆ ਹੈ। ਉਹਨਾਂ ਕਿਹਾ ਕਿ ਜੀ ਐਸ ਟੀ ਘੁਟਾਲੇ, ਗੈਰ ਕਾਨੂੰਨੀ ਦੁਬਈ ਪੈਸੇ ਦਾ ਲੈਣ ਦੇਣ, ਜ਼ਮੀਨਾਂ ਦੇ ਘੁਟਾਲੇ, ਸਭ ਦੀ ਬਾਰੀਕੀ ਤੇ ਸਖ਼ਤੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਸੰਜੀਵ ਅਰੋੜਾ ਦੇ ਖਿਲਾਫ ਕਾਫੀ ਗੰਭੀਰ ਦੋਸ਼ ਲੱਗੇ ਹਨ ਤੇ ਕਿਹਾ ਕਿ ਕਿਸਾਨਾਂ ਨੂੰ ਇਸ ਗੱਲ ਦਾ ਜਵਾਬ ਮਿਲਣਾ ਚਾਹੀਦਾ ਹੈ ਕਿ ਸਸਤੇ ਭਾਅ ’ਤੇ ਖਰੀਦੀਆਂ ਉਹਨਾਂ ਦੀਆਂ ਜ਼ਮੀਨਾਂ ਨੂੰ ਇਕ ਸ਼ਕਤੀਸ਼ਾਲੀ ਗਠਜੋੜ ਦੀ ਬਦੌਲਤ ਮਹਿੰਗੇ ਭਾਅ ਵੇਖਿਆ ਗਿਆ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸ੍ਰੀ ਅਰੋੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵਾਸਤੇ ਫੰਡ ਇਕੱਠੇ ਕਰਨ ਦਾ ਕੰਮ ਕਰ ਰਹੇ ਸਨ। ਉਹਨਾਂਕਿਹਾ ਕਿ ਸੂਬੇ ਤੋਂ ਲੁੱਟੇ ਗਏ ਪੈਸੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਹਰ ਪੈਸਾ ਵਸੂਲਿਆ ਜਾਣਾ ਚਾਹੀਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰੀਆਂ, ਵਿਚੋਲਿਆਂ ਤੇ ਸਿਆਸੀ ਸਰਪ੍ਰਸਤੀ ਹਾਸਲ ਵਿਅਕਤੀਆਂ ਦਾ ਗੜ੍ਹ ਨਹੀਂ ਬਨਣ ਦਿੱਤਾ ਜਾ ਸਕਦਾ।
ਉਹਨਾਂ ਕਿਹਾ ਕਿ ਜੇਕਰ ਸੂਬਾ ਵਿਜੀਲੈਂਸ ਵਿਰੋਧੀ ਧਿਰਾਂ ਦੇ ਆਗੂਆਂ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ ਤਾਂ ਫਿਰ ਇਹੀ ਕਾਨੂੰਨ ਸੱਤਾਧਾਰੀ ਪਾਰਟੀਆਂ ਤੇ ਉਹਨਾਂ ਦੇ ਸਹਿਯੋਗੀਆਂ ’ਤੇ ਵੀ ਲਾਗੂ ਹੋਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਘੁੰਮਣ ਤੇ ਉਹਨਾਂ ਦੇ ਨਾਲ ਨਿਤਿਨ ਗੋਹਲ ਤੇ ਪ੍ਰਿਤਪਾਲ ਸਿੰਘ ਢੀਂਡਸਾ ਦੇ ਖਿਲਾਫ ਲੁੱਕ ਆਊਟ ਸਰਕੁਲਰ (ਐਲ ਓ ਸੀ) ਜਾਰੀ ਹੋਣਾ ਚਾਹੀਦਾ ਹੈ ਕਿਉਂਕਿ ਦੋ ਦਿਨ ਪਹਿਲਾਂ ਮੁਹਾਲੀ ਵਿਚ ਹੋਈ ਛਾਪੇਮਾਰੀ ਦੌਰਾਨ ਇਹਨਾਂ ਤੋਂ ਵੱਡੀ ਮਾਤਰਾ ਵਿਚ ਪੈਸਾ ਬਰਾਮਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਨਿਤਿਨ ਤੇ ਪ੍ਰਿਤਪਾਲ ਵਿਚੋਲਿਆਂ ਵਜੋਂ ਕੰਮ ਕਰ ਰਹੇ ਸਨ ਤੇ ਵਿਆਪਕ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਹਨ।ਉਹਨਾਂ ਕਿਹਾ ਕਿ ਰਾਜਬੀਰ ਘੁੰਮਣ ਤਾਂ ਪਹਿਲਾਂ ਹੀ ਜਨਤਕ ਤੌਰ ’ਤੇ ਗਾਇਬ ਹੈ ਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਅਤੇ ਨਿਤਿਨ ਤੇ ਪ੍ਰਿਤਪਾਲ ਦੇਸ਼ ਛੱਡ ਕੇ ਨਾ ਭੱਜਣ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਦੇ ਇਸ ਬਿਆਨ ਦੀ ਵੀ ਨਿਖੇਧੀ ਕੀਤੀ ਕਿ ਉਹ ਨਿਤਿਨ ਤੇ ਪ੍ਰਿਤਪਾਲ ਨੂੰ ਨਹੀਂ ਜਾਣਦੇ ਅਤੇ ਕਿਹਾ ਕਿ ਦੋਵੇਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਲਜ਼ਾਰਇੰਦਰ ਸਿੰਘ ਚਹਿਲ ਦੇ ਨਾਲ ਬੰਗਲੌਰ ਤੋਂ ਚੰਡੀਗੜ੍ਹ ਤੱਕ ਚਾਰਟਡ ਜਹਾਜ਼ ਵਿਚ ਆਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




