
ਪੰਜਾਬ ਸਰਕਾਰ ਨੇ ਡੀਆਈਜੀ ਇੰਦਰਬੀਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਦੋਵੇਂ ਮਾਮਲੇ 2022 ’ਚ ਤਰਨਤਾਰਨ ’ਚ ਦਰਜ ਹੋਏ ਸਨ। ਤਰਨਤਾਰਨ ਜ਼ਿਲ੍ਹੇ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ’ਚ ਇਨ੍ਹਾਂ ਮਾਮਲਿਆਂ ਦਾ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਇਨ੍ਹਾਂ ਮਾਮਲਿਆਂ ’ਚ ਪੰਜਾਬ ਪੁਲਿਸ ਦੇ ਡੀਐੱਸਪੀ ਲਖਬੀਰ ਸਿੰਘ ਸੰਧੂ ਸਰਕਾਰੀ ਗਵਾਹ ਬਣੇ ਹਨ। ਉੱਚ ਪ੍ਰੋਫਾਈਲ ਮਾਮਲਿਆਂ ਦੇ ਕਾਰਨ ਡੀਆਈਜੀ ਇੰਦਰਬੀਰ ਸਿੰਘ ਖ਼ਿਲਾਫ਼ ਅਦਾਲਤੀ ਕਾਰਵਾਈ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ’ਚ ਇੰਦਰਬੀਰ ਸਿੰਘ ਪੀਏਪੀ ’ਚ ਤਾਇਨਾਤ ਹਨ।
ਸੀਆਈਏ ਸਟਾਫ ਪੱਟੀ ਦੇ ਤੱਤਕਾਲੀਨ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨੇ 2022 ’ਚ ਤਰਨਤਾਰਨ ਦੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਦੇ ਸਾਹਮਣੇ ਹਲਫ਼ੀਆ ਬਿਆਨ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੀਆਈਏ ਸਟਾਫ ਫ਼ਿਰੋਜ਼ਪੁਰ ’ਚ ਤਾਇਨਾਤ ਡੀਐੱਸਪੀ ਲਖਬੀਰ ਸਿੰਘ ਸੰਧੂ ਨੇ ਉਨ੍ਹਾਂ ਨੂੰ ਐੱਨਡੀਪੀਐੱਸ ਐਕਟ ਦੇ ਮਾਮਲੇ ’ਚ ਨਾਮਜ਼ਦ ਕਰਨ ਦੀ ਧਮਕੀ ਦਿੰਦੇ ਹੋਏ 23 ਲੱਖ ਰੁਪਏ ਦੀ ਵਸੂਲੀ ਕੀਤੀ।
ਇਸ ਮਾਮਲੇ ’ਚ ਡੀਆਈਜੀ ਇੰਦਰਬੀਰ ਸਿੰਘ ਦੇ ਰੀਡਰ ਦਾ ਨਾਂ ਵੀ ਸਾਹਮਣੇ ਆਇਆ ਸੀ, ਜਿਸ ਨੇ ਬਾਜਵਾ ਨੂੰ ਦੱਸਿਆ ਸੀ ਕਿ ਇਹ ਰਕਮ ਡੀਆਈਜੀ ਤੱਕ ਪੁੱਜਣੀ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ। ਇਕ ਹੋਰ ਮਾਮਲੇ ’ਚ, ਥਾਣਾ ਭਿੱਖੀਵਿੰਡ ’ਚ 2022 ’ਚ ਨਸ਼ਾ ਤਸਕਰ ਸੁਰਜੀਤ ਸਿੰਘ ਤੋਂ 900 ਗ੍ਰਾਮ ਅਫੀਮ ਦੀ ਬਰਾਮਦਗੀ ਦੇ ਬਦਲੇ 12 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਬਾਅਦ ’ਚ ਕਰੀਬ 10 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਵੀ ਡੀਐੱਸਪੀ ਲਖਬੀਰ ਸਿੰਘ ਸੰਧੂ ਦਾ ਨਾਂ ਜੁੜ ਗਿਆ ਸੀ।ਇਨ੍ਹਾਂ ਦੋਵਾਂ ਮਾਮਲਿਆਂ ’ਚ ਨਾਜ਼ਮਦ ਡੀਐੱਸਪੀ ਲਖਬੀਰ ਸਿੰਘ ਸੰਧੂ ਬਾਅਦ ’ਚ ਸਰਕਾਰੀ ਗਵਾਹ ਬਣੇ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਨਸ਼ਾ ਤਸਕਰੀ ਤੇ ਰਿਸ਼ਵਤ ਦੇ ਮਾਮਲਿਆਂ ’ਚ ਸਰਕਾਰੀ ਰਾਸ਼ੀ ਡੀਆਈਜੀ ਇੰਦਰਬੀਰ ਸਿੰਘ ਦੇ ਕਹਿਣ ’ਤੇ ਲਈ ਗਈ ਸੀ।ਡੀਐੱਸਪੀ ਲਖਬੀਰ ਸਿੰਘ ਸੰਧੂ ਮੂਲ ਰੂਪ ਨਾਲ ਪਿੰਡ ਬੂਹ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ। ਇਸ ਸਮੇਂ ਉਨ੍ਹਾਂ ਦੀ ਰਿਹਾਇਸ਼ ਬਟਾਲਾ ’ਚ ਹੈ। ਲਖਬੀਰ ਦੇ ਵਕੀਲ ਦੀਪਕ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਦੋਵਾਂ ਮਾਮਲਿਆਂ ’ਚ (ਐੱਫਆਈਆਰ ਨੰਬਰ 62 ਥਾਣਾ ਭਿੱਖੀਵਿੰਡ ਤੇ ਐੱਫਆਈਆਰ 115 ਥਾਣਾ ਪੱਟੀ) ਡੀਆਈਜੀ ਇੰਦਰਬੀਰ ਸਿੰਘ ਖ਼ਿਲਾਫ਼ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਮੁਅੱਤਲ ਡੀਐੱਸਪੀ ਲਖਬੀਰ ਸਿੰਘ ਸੰਧੂ ਬਹਾਲ ਹੋ ਚੁੱਕੇ ਹਨ। ਉਹ ਦੋਵਾਂ ਹੀ ਮਾਮਲਿਆਂ ’ਚ ਸਰਕਾਰੀ ਗਵਾਹ ਹੋਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




