ਅਮਰੀਕਾ ’ਚ 350 ਪੰਜਾਬੀ ਡਰਾਈਵਰ ਕਸੂਤੇ ਫਸੇ

ਅਮਰੀਕਾ ਵਿਚ ਦਰਜਨਾਂ ਪੰਜਾਬੀ ਟਰੱਕ ਡਰਾਈਵਰਾਂ ਦਾ ਰੁਜ਼ਗਾਰ ਖੁੱਸ ਗਿਆ ਜਦੋਂ ਇੰਡਿਆਨਾ ਸੂਬੇ ਨੇ ਬਗੈਰ ਵਰਕ ਵੀਜ਼ਾ ਤੋਂ ਮੁਲਕ ਵਿਚ ਦਾਖਲ ਹੋਏ ਤਕਰੀਬਨ 1,800 ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕਰ ਦਿਤੇ। ਦੂਜੇ ਪਾਸੇ, ਔਰੇਗਨ ਸੂਬੇ ਵਿਚ ਨਵੇਂ ਵਿਆਹੇ ਜੋੜੇ ਨੂੰ ਟਰੱਕ ਹੇਠ ਦਰੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਰਜਿੰਦਰ ਕੁਮਾਰ ਨੇ ਕਬੂਲਨਾਮਾ ਦਾਖ਼ਲ ਕਰਨ ਤੋਂ ਨਾਂਹ ਕਰ ਦਿਤੀ ਅਤੇ ਹੁਣ ਸਰਕਾਰੀ ਵਕੀਲ ਆਪਣੀਆਂ ਦਲੀਲਾਂ ਅਤੇ ਸਬੂਤਾਂ ਦੇ ਆਧਾਰ ’ਤੇ ਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ।
ਇੰਡਿਆਨਾ ਸੂਬੇ ਵਿਚ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਵਾਲੇ ਕਈ ਜਾਨਲੇਵਾ ਹਾਦਸਿਆਂ ਮਗਰੋਂ ਸੂਬੇ ਅਸੈਂਬਲੀ ਵਿਚ ਹਾਊਸ ਐਨਰੋਲਡ ਐਕਟ 1200 ਪਾਸ ਕਰ ਦਿਤਾ ਗਿਆ ਜਿਸ ਤਹਿਤ ਐਚ-2 ਏ, ਐਚ-2ਬੀ ਅਤੇ ਈ-2 ਵੀਜ਼ਾ ਵਾਲੇ ਪ੍ਰਵਾਸੀ ਹੀ ਸੀ.ਡੀ.ਐਲ. ਵਾਸਤੇ ਅਧਿਕਾਰਤ ਹਨ।
ਰਾਤੋ-ਰਾਤ ਲਾਇਸੰਸ ਹੋ ਗਏ ਰੱਦ ਇੰਡਿਆਨਾ ਬਿਊਰੋ ਆਫ਼ ਮੋਟਰ ਵ੍ਹੀਕਲਜ਼ ਨੇ ਬੀਤੀ 16 ਮਾਰਚ ਨੂੰ 1,790 ਨੌਨ-ਡੌਮੀਸਾਈਲ ਡਰਾਈਵਰਾਂ ਨੂੰ ਨੋਟਿਸ ਜਾਰੀ ਕਰਦਿਆਂ ਸੁਚੇਤ ਕਰ ਦਿਤਾ ਕਿ 1 ਅਪ੍ਰੈਲ ਤੋਂ ਉਨ੍ਹਾਂ ਦੇ ਸੀ.ਡੀ.ਐਲ ਰੱਦ ਮੰਨੇ ਜਾਣਗੇ। ਹੁਣ ਇਨ੍ਹਾਂ ਟਰੱਕ ਡਰਾਈਵਰਾਂ ਵਿਚੋਂ ਕੋਈ ਵੀ ਹਾਈਵੇਅ ’ਤੇ ਫੜਿਆ ਗਿਆ ਤਾਂ ਉਸ ਨੂੰ 5 ਹਜ਼ਾਰ ਡਾਲਰ ਜੁਰਮਾਨਾ ਕੀਤਾ ਜਾਵੇਗਾ ਜਦਕਿ ਅਜਿਹੇ ਡਰਾਈਵਰ ਨੂੰ ਨੌਕਰੀ ’ਤੇ ਰੱਖਣ ਵਾਲੀ ਟ੍ਰਾਂਸਪੋਰਟ ਕੰਪਨੀ ਨੂੰ 50 ਹਜ਼ਾਰ ਡਾਲਰ ਜੁਰਮਾਨਾ ਤੈਅ ਕੀਤਾ ਗਿਆ ਹੈ।
ਇੰਡਿਆਨਾ ਦੇ ਗਵਰਨਰ ਮਾਈਕ ਬਰੌਨ ਨੇ ਫ਼ਰਵਰੀ ਮਹੀਨੇ ਦੌਰਾਨ ਵਾਪਰੇ ਦੋ ਹਾਦਸਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚੋਂ ਇਕ ਦਾ ਡਰਾਈਵਰ ਸੁਖਦੀਪ ਸਿੰਘ ਸੀ ਅਤੇ ਲਾਲ ਬੱਤੀ ਦੀ ਉਲੰਘਣਾ ਕਰ ਕੇ 64 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਸੁਖਦੀਪ ਸਿੰਘ 2018 ਵਿਚ ਅਮਰੀਕਾ ਦਾਖਲ ਹੋਇਆ ਅਤੇ ਉਸ ਵੇਲੇ ਬਾਲਗ ਵੀ ਨਹੀਂ ਸੀ ਹੋਇਆ। ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਨਾਬਾਲਗ ਹੋਣ ਕਰ ਕੇ ਇੰਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਰਿਹਾਅ ਕਰ ਦਿਤਾ ਅਤੇ ਇੰਡਿਆਨਾ ਵਿਚ ਹਾਦਸੇ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਉਸ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ।
ਮਾਈਕ ਬਰੌਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਣਾ ਨਹੀਂ ਸਗੋਂ ਇਹ ਪੱਕਾ ਕਰਨਾ ਹੈ ਕਿ ਸਟੀਅਰਿੰਗ ਵ੍ਹੀਲ ਪਿੱਛੇ ਬੈਠਾ ਸ਼ਖਸ ਮੁਕੰਮਲ ਤੌਰ ’ਤੇ ਸਿਖਲਾਈ ਪ੍ਰਾਪਤ ਅਤੇ ਕਾਨੂੰਨੀ ਤੌਰ ’ਤੇ ਯੋਗ ਹੋਵੇ।
ਰਜਿੰਦਰ ਕੁਮਾਰ ਨੇ ਖੁਦ ਨੂੰ ਦੱਸਿਆ ਬੇਕਸੂਰ ਇਸੇ ਦੌਰਾਨ ਇੰਡਿਆਨਾ ਦੇ ਅਟਾਰਨੀ ਜਨਰਲ ਟੌਡ ਰੌਕੀਟਾ ਨੇ 4 ਵੱਡੇ ਹਾਦਸਿਆਂਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹਾਦਸੇ ਸ਼ਾਮਲ ਹਨ ਅਤੇ ਇਨ੍ਹਾਂ ਹਾਦਸਿਆਂ ਦੌਰਾਨ 6 ਤੋਂ ਵੱਧ ਮੌਤਾਂ ਹੋਈਆਂ। ਟੌਡ ਨੇ ਅੱਗੇ ਦੱਸਿਆ ਕਿ 31 ਮਾਰਚ ਦੀ ਰਾਤ ਸਾਰੇ ਪੁਰਾਣੇ ਨੌਨ ਡੌਮੀਸਾਈਲ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਹੋ ਗਏ ਅਤੇ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੋਈ ਸੀ.ਡੀ.ਐਲ. ਜਾਰੀ ਨਹੀਂ ਕੀਤਾ ਜਾਵੇਗਾ। ਜਾਇਜ਼ ਵਰਕ ਪਰਮਿਟ ਹੋਣ ’ਤੇ ਵੀ ਸੀ.ਡੀ.ਐਲ. ਵਾਸਤੇ ਅੰਗੇਰਜ਼ੀ ਵਿਚ ਮੁਹਾਰਤ ਦੀ ਸ਼ਰਤ ਪੂਰੀ ਕਰਨੀ ਹੋਵੇਗੀ।
ਅਮਰੀਕਾ ਦੇ ਸੈਨੇਟ ਵਿਚ ਨਵਾਂ ਕਾਨੂੰਨ ਪੇਸ਼ ਕੀਤਾ ਗਿਆ ਹੈ ਜਿਸ ਤਹਿਤ ਜਾਨਲੇਵਾ ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਨੌਨ-ਡੌਮੀਸਾਈਲ ਡਰਾਈਵਰਜ਼ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਦੂਜੇ ਪਾਸੇ ਔਰੇਗਨ ਸੂਬੇ ਦੀ ਜੇਲ ਵਿਚ ਬੰਦ ਰਜਿੰਦਰ ਕੁਮਾਰ ਦੀ ਜ਼ਮਾਨਤ ’ਤੇ ਰਿਹਾਈ ਵਾਸਤੇ ਅਦਾਲਤ ਨੇ ਬੌਂਡ ਦੀ ਰਕਮ 5 ਲੱਖ ਡਾਲਰ ਤੋਂ ਘਟਾ ਕੇ ਢਾਈ ਲੱਖ ਡਾਲਰ ਕਰ ਦਿਤੀ ਪਰ ਆਈਸ ਵੱਲੋਂ ਡਿਟੇਨਰ ਲਾਗੂ ਹੋਣ ਕਰ ਕੇ ਰਜਿੰਦਰ ਕੁਮਾਰ ਦੀ ਜਲਦ ਰਿਹਾਈ ਸੰਭਵ ਨਹੀਂ ਜਾਪਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




