ਕਾਬੁਲ ਚ ਭੂਚਾਲ ਨਾਲ ਹੋਈਆਂ ਮੌਤਾਂ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਗਰਾਮੀ ਜ਼ਿਲ੍ਹੇ ‘ਚ ਬੀਤੀ ਰਾਤ ਆਏ ਭੁਚਾਲ ਕਾਰਨ ਇਕ ਪਰਿਵਾਰ ਦੇ 8 ਮੈਂਬਰਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ | ਮਿ੍ਤਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਅਨੁਸਾਰ ਭੁਚਾਲ ਦੌਰਾਨ ਬਗਰਾਮੀ ਦੇ ਗੋਸਫੰਦ ਦਰਾ ਖੇਤਰ ‘ਚ ਘਰ ਦੀ ਛੱਤ ਡਿਗ ਗਈ, ਜਿਸ ਨਾਲ ਪਰਿਵਾਰ ਦਾ ਸਿਰਫ਼ ਤਿੰਨ ਸਾਲ ਦਾ ਬੱਚਾ ਹੀ ਬਚਿਆ ਅਤੇ ਬਾਕੀ ਸਭ ਦੀ ਮੌਤ ਹੋ ਗਈ |
ਇਸ ਦੌਰਾਨ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੇ ਉਪ ਬੁਲਾਰੇ ਹਮਦੁੱਲਾ ਫ਼ਿਤਰਤ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਕਾਬੁਲ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ 5.8 ਤੀਬਰਤਾ ਦਾ ਭੁਚਾਲ ਆਇਆ | ਨਤੀਜੇ ਵਜੋਂ ਕਾਬੁਲ, ਪੰਜਸ਼ੀਰ, ਲੋਗਾਰ, ਨੰਗਰਹਾਰ, ਲਗਮਾਨ ਅਤੇ ਨੂਰੀਸਤਾਨ ਸੂਬਿਆਂ ‘ਚ 12 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ | ਉਨ੍ਹਾਂ ਨੇ ਕਿਹਾ ਕਿ ਭੁਚਾਲ ਦਾ ਕੇਂਦਰ ਬਦਖਸ਼ਾਨ ਸੂਬੇ ਦੇ ਯਮਘਾਨ ਜ਼ਿਲ੍ਹੇ ‘ਚ ਸੀ | ਉਨ੍ਹਾਂ ਅੱਗੇ ਕਿਹਾ ਕਿ ਭੁਚਾਲ ਨਾਲ ਪੰਜ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, 33 ਹੋਰ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ ਅਤੇ ਕੁੱਲ 40 ਪਰਿਵਾਰ ਪ੍ਰਭਾਵਿਤ ਹੋਏ | ਦੱਸਿਆ ਜਾ ਰਿਹਾ ਹੈ ਕਿ ਭੁਚਾਲ ਦੀ ਡੂੰਘਾਈ 180 ਕਿੱਲੋਮੀਟਰ ਤੋਂ ਵੱਧ ਸੀ, ਜਿਸ ਕਾਰਨ ਅਫ਼ਗਾਨਿਸਤਾਨ ਦੇ ਇਲਾਕਿਆਂ ਦੇ ਨਾਲ-ਨਾਲ ਭੁਚਾਲ ਦੇ ਝਟਕੇ ਪਾਕਿਸਤਾਨੀ ਸ਼ਹਿਰਾਂ ਇਸਲਾਮਾਬਾਦ, ਪਿਸ਼ਾਵਰ, ਚਿਤਰਾਲ, ਸਵਾਤ ਅਤੇ ਸ਼ਾਂਗਲਾ ‘ਚ ਵੀ ਮਹਿਸੂਸ ਕੀਤੇ ਗਏ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ |
ਦੂਜੇ ਪਾਸੇ, ਅਫ਼ਗਾਨਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਅਨੁਸਾਰ ਹਮਾਲ (ਸੂਰਜੀ ਕੈਲੰਡਰ) ਦੇ ਮੌਜੂਦਾ ਮਹੀਨੇ ਦੀ 6 ਤੋਂ 15 ਤਰੀਕ ਦੇ ਵਿਚਕਾਰ ਬਾਰਸ਼, ਹੜ੍ਹ, ਬਿਜਲੀ ਡਿੱਗਣ ਅਤੇ ਜ਼ਮੀਨ ਖਿਸਕਣ ਕਾਰਨ ਵੱਖ-ਵੱਖ ਸੂਬਿਆਂ ‘ਚ 89 ਲੋਕ ਮਾਰੇ ਗਏ ਅਤੇ 149 ਹੋਰ ਜ਼ਖ਼ਮੀ ਹੋਏ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




