ਡੁਨੀਡਿਨ ਕਤਲ ਕਾਂਡ: ਗੁਰਜੀਤ ਸਿੰਘ ਦੇ ਕਾਤਲ ਰਾਜਿੰਦਰ ਨੂੰ ਉਮਰ ਕੈਦ, 17.5 ਸਾਲ ਤੱਕ ਨਹੀਂ ਮਿਲੇਗੀ ਪੈਰੋਲ

ਨਿਊਜ਼ੀਲੈਂਡ ਦੇ ਸ਼ਹਿਰ ਡੁਨੀਡਿਨ ਦੀ ਹਾਈ ਕੋਰਟ ਨੇ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਆਪਣਾ ਅੰਤਿਮ ਫੈਸਲਾ ਸੁਣਾਇਆ। ਮਾਣਯੋਗ ਅਦਾਲਤ ਨੇ 35 ਸਾਲਾ ਦੋਸ਼ੀ ਰਾਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚ ਉਸ ਨੂੰ ਘੱਟੋ-ਘੱਟ 17.5 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਇਸ ਤੋਂ ਇਲਾਵਾ, ਜਸਟਿਸ ਡਨਿੰਗਹਮ ਨੇ ਦੋਸ਼ੀ ਨੂੰ 8,000 ਡਾਲਰ ਤੋਂ ਵੱਧ ਦਾ ਹਰਜਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ।
ਅਦਾਲਤੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਅਤੇ ਇੱਕ ‘ਲਵ ਟਰੈਂਗਲ’ ਸੀ। ਸਰਕਾਰੀ ਵਕੀਲ ਅਨੁਸਾਰ, ਰਾਜਿੰਦਰ ਨੇ 2022 ਵਿੱਚ ਗੁਰਜੀਤ ਸਿੰਘ ਦੀ ਹੋਣ ਵਾਲੀ ਪਤਨੀ ਕਮਲਜੀਤ ਕੌਰ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ ਸੀ। ਇਸ ਤੋਂ ਇਲਾਵਾ, ਗੁਰਜੀਤ ਸਿੰਘ ਨੇ ਰਾਜਿੰਦਰ ਵੱਲੋਂ ਆਪਣੀ ਭੈਣ ਨਾਲ ਵਿਆਹ ਕਰਨ ਦੀ ਯੋਜਨਾ ਨੂੰ ਵੀ ਰੱਦ ਕਰ ਦਿੱਤਾ ਸੀ। ਇਹਨਾਂ ਰੱਦ ਕੀਤੇ ਗਏ ਰਿਸ਼ਤਿਆਂ ਕਾਰਨ ਰਾਜਿੰਦਰ ਮਨ ਵਿੱਚ ਖਾਰ ਖਾਂਦਾ ਸੀ।
28 ਜਨਵਰੀ 2024 ਦੀ ਰਾਤ ਨੂੰ, ਰਾਜਿੰਦਰ ਨੇ ਗੁਰਜੀਤ ਸਿੰਘ ਦੇ ਘਰ ਜਾ ਕੇ ਉਸ ’ਤੇ ਚਾਕੂ ਨਾਲ 46 ਵਾਰ ਹਮਲਾ ਕੀਤਾ। ਗੁਰਜੀਤ ਦੀ ਲਾਸ਼ ਅਗਲੀ ਸਵੇਰ ਉਸ ਦੇ ਲਾਅਨ ਵਿੱਚੋਂ ਖੂਨ ਨਾਲ ਲੱਥਪੱਥ ਮਿਲੀ ਸੀ। ਪੁਲਿਸ ਨੂੰ ਜਾਂਚ ਦੌਰਾਨ ਘਟਨਾ ਸਥਾਨ ਤੋਂ ਰਾਜਿੰਦਰ ਦਾ ਡੀ.ਐਨ.ਏ. ਅਤੇ ਖੂਨ ਦੇ ਨਿਸ਼ਾਨ ਮਿਲੇ। ਕਤਲ ਤੋਂ ਕੁਝ ਘੰਟੇ ਪਹਿਲਾਂ ਰਾਜਿੰਦਰ ਨੂੰ ਇੱਕ ਸਟੋਰ ਤੋਂ ‘ਮਰਡਰ ਕਿੱਟ’ (ਚਾਕੂ, ਦਸਤਾਨੇ ਅਤੇ ਗਰਦਨ ਦਾ ਮਾਸਕ) ਖਰੀਦਦੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਵੀ ਕੈਦ ਕੀਤਾ ਗਿਆ ਸੀ।
ਪਤਨੀ ਵੱਲੋਂ ਸਬੂਤ ਮਿਟਾਉਣ ਦੀ ਕੋਸ਼ਿਸ਼
ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਰਾਜਿੰਦਰ ਦੀ ਪਤਨੀ, ਗੁਰਪ੍ਰੀਤ ਕੌਰ ਨੇ ਸਬੂਤ ਮਿਟਾਉਣ ਦਾ ਗੁਨਾਹ ਕਬੂਲ ਕਰ ਲਿਆ। ਉਸ ਨੇ ਪੁਲਿਸ ਜਾਂਚ ਦੌਰਾਨ ਆਪਣੇ ਪਤੀ ਦੇ ਉਹ ਜੁੱਤੇ ਛੁਪਾ ਦਿੱਤੇ ਸਨ, ਜਿਨ੍ਹਾਂ ’ਤੇ ਕਤਲ ਵਾਲੀ ਥਾਂ ਦੇ ਟੁੱਟੇ ਹੋਏ ਸ਼ੀਸ਼ੇ ਦੇ ਟੁਕੜੇ ਲੱਗੇ ਹੋਏ ਸਨ। ਗੁਰਪ੍ਰੀਤ ਕੌਰ ਨੂੰ ਇਸ ਅਪਰਾਧ ਲਈ ਜੁਲਾਈ ਵਿੱਚ ਸਜ਼ਾ ਸੁਣਾਈ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




